ਫਰੀਦਕੋਟ (ਕੋਟਕਪੂਰਾ), 22 ਜੂਨ 2023: ਇਕ ਪਾਸੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ (Kultar Singh Sandhwan) ਨੇ ਪੀ.ਬੀ.ਜੀ. ਵੈਲਫੇਅਰ ਕਲੱਬ ਦੇ ਉਪਰਾਲੇ ਦੀ ਭਰਪੂਰ ਪ੍ਰਸੰਸਾ ਕਰਦਿਆਂ ਇਲਾਕੇ ਭਰ ਦੇ ਲੋਕਾਂ ਨੂੰ ਵੱਧ ਤੋਂ ਵੱਧ ਗਿਣਤੀ ’ਚ ਖੂਨਦਾਨ ਕਰਨ ਦੀ ਅਪੀਲ ਕੀਤੀ ਹੈ। ਜਦਕਿ ਦੂਜੇ ਪਾਸੇ ਕਲੱਬ ਦੇ ਬੁਲਾਰੇ ਮੁਤਾਬਿਕ 25 ਜੂਨ ਵਾਲੇ ਖੂਨਦਾਨ ਕੈਂਪ ਵਿੱਚ ਜਿਹੜੇ ਵੀਰ-ਭੈਣਾ 23 ਜੂਨ ਤੱਕ ਆਪਣੇ ਨਾਮ ਰਜਿਸਟਰਡ ਕਰਵਾਉਣਗੇ ਅਤੇ ਆਪਣੀ ਇਕ ਫੋਟੋ ਭੇਜਣੀ ਯਕੀਨੀ ਬਣਾਉਣਗੇ, ਉਨ੍ਹਾਂ ਦਾ ਸਨਮਾਨ ਚਿੰਨ ਤਸਵੀਰ ਵਾਲਾ ਤਿਆਰ ਕਰਵਾ ਕੇ ਉਨ੍ਹਾਂ ਨੂੰ ਸਪੀਕਰ ਕੁਲਤਾਰ ਸਿੰਘ ਸੰਧਵਾਂ ਤੋਂ ਸਨਮਾਨਿਤ ਕਰਵਾਇਆ ਜਾਵੇਗਾ।
ਇਸ ਦੌਰਾਨ ਸਪੀਕਰ ਸੰਧਵਾਂ (Kultar Singh Sandhwan) ਨੇ ਕਿਹਾ ਕਿ ਇਲਾਕੇ ’ਚ ਵੱਖ-ਵੱਖ ਸੰਸਥਾਵਾਂ ਵੱਲੋਂ ਅਨੇਕਾਂ ਪ੍ਰਕਾਰ ਦੇ ਸਮਾਜ ਭਲਾਈ ਦੇ ਕੰਮ ਕੀਤੇ ਜਾ ਰਹੇ ਹਨ ਅਤੇ ਇੰਨਾਂ ’ਚੋਂ ਹੀ ਇੱਕ ਮੋਹਰੀ ਸੰਸਥਾ ਪੀ.ਬੀ.ਜੀ. ਵੈਲਫੇਅਰ ਕਲੱਬ ਵੱਲੋਂ ਪ੍ਰਧਾਨ ਰਾਜੀਵ ਮਲਿਕ ਦੀ ਅਗਵਾਈ ਹੇਠ ਖੂਨਦਾਨ ਲਹਿਰ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਹੁਣ ਇਸੇ ਲੜੀ ਤਹਿਤ ਸੰਸਥਾ ਦੇ 14 ਸਾਲ ਪੂਰੇ ਹੋਣ ’ਤੇ 25 ਜੂਨ ਸਥਾਨਕ ਫਰੀਦਕੋਟ ਰੋਡ ’ਤੇ ਸਥਿਤ ਸੰਗਮ ਪੈਲੇਸ ਵਿਖੇ ‘ਮੇਲਾ ਖ਼ੂਨਦਾਨੀਆਂ ਦਾ’ ਦੇ ਨਾਂਅ ਹੇਠ ਵਿਸ਼ਾਲ ਖੂਨਦਾਨ ਕੈਂਪ ਲਾਇਆ ਜਾ ਰਿਹਾ ਹੈ, ਜਿਸ ’ਚ 501 ਯੂਨਿਟ ਇਕੱਤਰ ਕਰਨ ਦਾ ਟੀਚਾ ਮਿੱਥਿਆ ਗਿਆ ਹੈ, ਜਿਸ ਨੂੰ ਆਮ ਲੋਕਾਂ ਦੇ ਸਹਿਯੋਗ ਨਾਲ ਪੂਰਾ ਕੀਤਾ ਜਾਣਾ ਹੈ। ਉਨਾਂ ਸਮੂਹ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਮਾਨਵਤਾ ਦੀ ਭਲਾਈ ਲਈ ਕੀਤੇ ਜਾ ਰਹੇ ਇਸ ਅਹਿਮ ਕਾਰਜ ’ਚ ਖੁਦ ਖੂਨਦਾਨ ਕਰਨ ਤੋਂ ਇਲਾਵਾ ਆਪਣੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਅਤੇ ਆਲੇ-ਦੁਆਲੇ ਦੇ ਲੋਕਾਂ ਨੂੰ ਵੀ ਖੂਨਦਾਨ ਕਰਨ ਲਈ ਪ੍ਰੇਰਿਤ ਕੀਤਾ ਜਾਵੇ।
ਇਸ ਦੌਰਾਨ ਪ੍ਰਧਾਨ ਰਾਜੀਵ ਮਲਿਕ, ਰਵੀ ਅਰੋੜਾ, ਬਲਜੀਤ ਸਿੰਘ ਖੀਵਾ, ਉਦੇ ਰੰਦੇਵ, ਨਰਿੰਦਰ ਬੈੜ, ਗੁਰਿੰਦਰ ਸਿੰਘ ਮਹਿੰਦੀਰੱਤਾ, ਅਮਨਦੀਪ ਸਿੰਘ ਗੁਲਾਟੀ, ਸੁਰਿੰਦਰਪਾਲ ਸਿੰਘ ਬਬਲੂ, ਗੁਰਜੰਟ ਸਿੰਘ ਸਰਾਂ, ਜਸ਼ਨ ਮੱਕੜ, ਗੋਰਵ ਗਲੋਹਤਰਾ, ਸੁਖਵਿੰਦਰ ਸਿੰਘ ਪੱਪੂ ਨੰਬਰਦਾਰ, ਵਰਿੰਦਰ ਕਟਾਰੀਆ, ਚਿਮਨ ਗਰੋਵਰ, ਰੱਜਤ ਛਾਬੜਾ ਸਮੇਤ ਮਨਜੀਤ ਕੌਰ ਨੰਗਲ, ਮੰਜੂ ਬਾਲਾ, ਮਾਹੀ ਵਰਮਾ, ਸੁਮਨ ਪੁਰੀ ਆਦਿ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵਲੋਂ ਕੀਤੀ ਗਈ ਇਸ ਅਪੀਲ ਨਾਲ ਆਮ ਲੋਕਾਂ ’ਚ ਖੂਨ ਦਾਨ ਕਰਨ ਦੀ ਭਾਵਨਾ ’ਚ ਵਾਧਾ ਹੋਵੇਗਾ, ਜਿਸ ਨਾਲ ਸੰਸਥਾ ਵੱਲੋਂ ਮਿੱਥੇ ਟੀਚੇ ਨੂੰ ਸੋਖੇ ਹੀ ਪੂਰਾ ਕੀਤਾ ਜਾ ਸਕੇਗਾ।