ਪਟਿਆਲਾ, 21 ਜੂਨ 2023: 9ਵੇਂ ਅੰਤਰਰਾਸ਼ਟਰੀ ਯੋਗਾ ਦਿਵਸ ਮੌਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਯੋਗਾ (Yoga) ਵਰਕਸ਼ਾਪ ਕਰਵਾਈ ਗਈ। ਇਹ ਯੋਗਾ ਵਰਕਸ਼ਾਪ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਦੇ ਸਾਂਝੇ ਉੱਦਮ ਨਾਲ਼ ਕਰਵਾਈ ਗਈ ਜਿਨ੍ਹਾਂ ਵਿੱਚ ਐੱਨ.ਐੱਸ.ਐੱਸ. ਵਿਭਾਗ, ਡਾਇਰੈਕਟਰ ਆਫ ਸਪੋਰਟਸ, ਐਜੂਕੇਸ਼ਨਲ ਮਲਟੀ ਮੀਡੀਆ ਰਿਸਰਚ ਸੈਂਟਰ, ਸਰੀਰਿਕ ਸਿੱਖਿਆ ਵਿਭਾਗ, ਰੈਡ ਰਿਬਨ ਕਲਬ, ਯੁਨੀਵਰਸਿਟੀ ਮਾਡਲ ਸਕੂਲ ਸ਼ਾਮਿਲ ਸਨ। ਯੁਨੀਵਰਸਿਟੀ ਕੈਂਪਸ ਵਿਖੇ ਗੁਰੂ ਤੇਗ ਬਹਾਦਰ ਹਾਲ ਦੇ ਸਾਹਮਣੇ ਵਾਲੇ ਗਰਾਉਂਡ ਵਿੱਚ ਇਹ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਵਾਈਸ ਚਾਂਸਲਰ ਪ੍ਰੋ. ਅਰਵਿੰਦ ਸਮੇਤ ਵੱਖ-ਵੱਖ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਯੋਗਾ ਦੇ ਵੱਖ-ਵੱਖ ਆਸਣ ਕੀਤੇ।
ਐੱਨ. ਐੱਸ. ਐੱਸ. ਕੋਆਰਡੀਨੇਟਰ ਡਾ. ਮਮਤਾ ਸ਼ਰਮਾ ਨੇ ਦੱਸਿਆ ਕਿ ਕੇਂਦਰ ਸਰਕਾਰ ਦੇ ਆਯੂਸ਼ ਮੰਤਰਾਲੇ ਦੇ ਨਿਰਦੇਸ਼ਾਂ ਨੂੰ ਧਿਆਨ ਵਿਚ ਰੱਖਦੇ ਹੋਏ ਆਜਾਦੀ ਦੇ 75ਵੇਂ ਅੰਮ੍ਰਿਤ ਮਹਾਂਉਤਸਵ ਅਤੇ ਜੀ-20 ਨੂੰ ਸਮਰਪਿਤ ਪ੍ਰੋਗਰਾਮਾਂ ਦੀ ਲੜੀ ਤਹਿਤ ਇਸ ‘ਹਰ ਘਰ ਆਂਗਨ ਯੋਗ’ ਵਿਸ਼ੇ ਉੱਤੇ ਇਸ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।
ਸਰੀਰਕ ਸਿਖਿਆ ਵਿਭਾਗ ਤੋਂ ਪਰਵਿੰਦਰ ਸਿੰਘ ਵੱਲੋਂ ਐਨ.ਐਸ.ਐਸ. ਵਲੰਟੀਅਰਜ਼, ਵਿਦਿਆਰਥੀਆਂ ਅਤੇ ਕਰਮਚਾਰੀਆਂ ਨੂੰ ਵੱਖ-ਵੱਖ ਆਸਣ ਕਰਵਾਏ ਗਏ ਜਿਨ੍ਹਾਂ ਵਿੱਚ ਗ੍ਰੀਵਾਆਸਣ, ਸਕੰਦ ਚਾਲਨ ਕ੍ਰਿਆ, ਕਟੀ ਚਾਲਨ, ਤਾੜ ਆਸਣ, ਤ੍ਰਿਕੋਣ ਆਸਣ, ਵਜਰ ਆਸਣ, ਅਰਧ ਹਲ ਆਸਣ, ਪਵਨ ਮੁਕਤ ਆਸਣ, ਪ੍ਰਾਣਾਯਾਮ, ਕਪਾਲਭਾਤੀ, ਭ੍ਰਾਮਰੀ ਆਦਿ ਸ਼ਾਮਲ ਸਨ।
ਇਸ ਮੌਕੇ ਸਰੀਰਕ ਸਿਖਿਆ ਵਿਭਾਗ ਤੋਂ ਜਗਜੀਵਨ ਸਿੰਘ ਵੱਲੋਂ ਤਿਆਰ ਕਰਵਾਏ ਯੋਗ (Yoga) ਪ੍ਰੈਕਟਿਸ ਕਮ ਡਾਂਸ ਦੀ ਪੇਸ਼ਕਾਰੀ ਕਰਵਾਈ ਗਈ। ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਇਸ ਮੌਕੇ ਆਪਣੇ ਵਿਚਾਰ ਪ੍ਰਗਟਾਉਂਦਿਆਂ ਕਿਹਾ ਕਿ ਕਰੋਨਾ ਕਾਲ ਤੋ ਲੈ ਕੇ ਹੁਣ ਤੱਕ ਯੁਨੀਵਰਸਿਟੀ ਕੈਂਪਸ ਵਿਖੇ ਹਰ ਸਾਲ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਜਾ ਰਿਹਾ ਹੈ।
ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋ ਇਹ ਸਹੂਲਤ ਵੀ ਦਿੱਤੀ ਹੈ ਕਿ ਜਿਥੇ ਪਿੰਡ ਮੁਹਲੇ ਜਾਂ ਕਲੋਨੀ ਵਿਚ ਯੋਗ ਗਰੁੱਪ ਹੋਵੇਗਾ, ਉਥੇ ਯੋਗ ਇੰਸਟ੍ਰਕਟਰ ਮੁਹੱਈਆ ਕਰਵਾਇਆ ਜਾਵੇਗਾ, ਜੋ ਇੱਕ ਚੰਗੀ ਗੱਲ ਹੈ।ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਕੈਂਪਸ ਵਿਖੇ ਯੋਗਾ ਨਾਲ਼ ਸੰਬੰਧਤ ਗਤਿਿਵਧੀਆਂ ਜਾਰੀ ਰਹਿਣੀਆਂ ਚਾਹੀਦੀਆਂ ਹਨ ਤਾਂ ਜੋ ਵਿਦਿਆਰਥੀ ਅਤੇ ਕਰਮਚਾਰੀ ਇਸ ਨਾਲ ਨਿਰੰਤਰ ਜੁੜ ਸਕਣ।
ਅੰਤ ਵਿੱਚ ਸਰੀਰਿਕ ਸਿੱਖਿਆ ਵਿਭਾਗ ਤੋਂ ਡਾ. ਅਮਰਪ੍ਰੀਤ ਨੇ ਆਏ ਹੋਏ ਵਲੰਟੀਅਰਜ਼, ਵਿਦਿਆਰਥੀ ਅਤੇ ਕਰਮਚਾਰੀਆਂ ਦਾ ਧੰਨਵਾਦ ਕੀਤਾ। ਇਸ ਯੋਗਾ ਵਰਕਸ਼ਾਪ ਵਿਚ 10 ਸਾਲ ਤੋ ਲੈ ਕੇ 70 ਸਾਲ ਤੱਕ ਦੇ ਵਿਅਕਤੀਆ ਨੇ ਭਾਗ ਲਿਆ। ਇਸ ਅੰਤਰਰਾਸ਼ਟਰੀ ਯੋਗਾ ਦਿਵਸ ਵਿੱਚ ਪੰਜਾਬੀ ਯੂਨੀਵਰਸਿਟੀ ਦੇ ਪ੍ਰੋਗਰਾਮ ਅਫ਼ਸਰ ਡਾ. ਲਖਵੀਰ ਸਿੰਘ ਅਤੇ ਡਾ. ਸਿਮਰਨਜੀਤ ਸਿੰਘ ਤੋ ਇਲਾਵਾ 200 ਵਲੰਟੀਅਰਜ਼, ਵਿਦਿਆਰਥੀਆ ਅਤੇ ਕਰਮਚਾਰੀਆਂ ਨੇ ਭਾਗ ਲਿਆ।