ਗੁਰਬਾਣੀ ਪ੍ਰਸਾਰਣ

ਸ਼੍ਰੋਮਣੀ ਕਮੇਟੀ ਨੇ 26 ਜੂਨ ਨੂੰ ਗੁਰਬਾਣੀ ਪ੍ਰਸਾਰਣ ਮੁੱਦੇ ‘ਤੇ ਸੱਦਿਆ ਜਰਨਲ ਇਜਲਾਸ

ਅੰਮ੍ਰਿਤਸਰ, 20 ਜੂਨ 2023: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਬੀਤੇ ਸਿੱਖ ਗੁਰਦੁਆਰਾ ਐਕਟ 1925 ਵਿਚ ਨਵੀਂ ਧਾਰਾ ਜੋੜਨ ਬਾਰੇ ਕੀਤੇ ਐਲਾਨ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ | ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨਾਲ ਗੱਲਬਾਤ ਕਰਦਿਆਂ ਐਡਵੋਕੇਟ ਧਾਮੀ ਨੇ ਮੁੱਖ ਮੰਤਰੀ ਨੂੰ ਸਪੱਸ਼ਟ ਕੀਤਾ ਕਿ ਸਿੱਖ ਗੁਰਦੁਆਰਾ ਐਕਟ 1925 ਵਿਚ ਕੋਈ ਵੀ ਸੋਧ ਸ਼੍ਰੋਮਣੀ ਕਮੇਟੀ ਦੇ ਜਨਰਲ ਹਾਊਸ ਦੀਆਂ ਸਿਫ਼ਾਰਸ਼ਾਂ ਅਨੁਸਾਰ ਕੇਵਲ ਭਾਰਤ ਸਰਕਾਰ ਦੇਸ਼ ਦੀ ਸੰਸਦ ਜਰੀਏ ਹੀ ਕਰ ਸਕਦੀ ਹੈ ਅਤੇ ਉਨ੍ਹਾਂ ਵੱਲੋਂ ਇਸ ਐਕਟ ਨੂੰ ਅੱਜ ਵਿਧਾਨ ਸਭਾ ਵਿੱਚ ਲਿਆ ਕੇ ਅੱਜ ਦੇ ਦਿਨ ਨੂੰ ਕਾਲੇ ਅੱਖਰਾਂ ਵਿੱਚ ਲਿਖਣ ਦਾ ਕੰਮ ਕੀਤਾ ਹੈ |

ਉਨ੍ਹਾਂ ਕਿਹਾ ਕਿ ਭਗਵੰਤ ਸਿੰਘ ਮਾਨ ਸਿੱਖਾਂ ਦੇ ਧਾਰਮਿਕ ਮਾਮਲਿਆਂ ਨੂੰ ਰਾਜਨੀਤਕ ਰੰਗਤ ਦੇ ਕੇ ਆਪਣੇ ਦਿੱਲੀ ਬੈਠੇ ਆਕਾਵਾਂ ਨੂੰ ਖੁਸ਼ ਕਰਨਾ ਚਾਹੁੰਦੇ ਹਨ | ਮੁੱਖ ਮੰਤਰੀ ਦੀ ਅਜਿਹੀ ਸੋਚ ਸਿੱਖ ਸੰਸਥਾ ਉੱਤੇ ਵੱਡਾ ਹਮਲਾ ਹੈ ਅਤੇ ਉਨ੍ਹਾਂ ਕਿਹਾ ਕਿ ਸਿੱਖ ਕੌਮ ਦੇ ਉੱਪਰ 103 ਸਾਲਾ ਬਾਅਦ ਪਹਿਲੀ ਵਾਰ ਪੰਜਾਬ ਸਰਕਾਰ ਨੇ ਅਜਿਹਾ ਹਮਲਾ ਕੀਤਾ ਹੈ |

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਪ੍ਰਸਾਰਣ ਬਾਰੇ ਸਪੱਸ਼ਟ ਕਰਦਿਆਂ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਗੁਰਬਾਣੀ ਦਾ ਪ੍ਰਸਾਰਣ ਪਹਿਲਾਂ ਹੀ ਵਿਸ਼ਵ ਪੱਧਰ ’ਤੇ ਚੱਲ ਰਿਹਾ ਹੈ, ਜਿਸ ਤੋਂ ਦੇਸ਼-ਵਿਦੇਸ਼ ਦੀ ਸੰਗਤ ਸੰਤੁਸ਼ਟ ਹੈ ਅਤੇ ਸੰਗਤ ਪਾਸੋਂ ਇਸ ਦੇ ਕੋਈ ਪੈਸੇ ਵੀ ਨਹੀਂ ਲਏ ਜਾਂਦੇ| ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਐਸਜੀਪੀਸੀ ਵੱਲੋਂ ਪਹਿਲਾਂ ਹੀ ਤਿੰਨ ਮੈਂਬਰੀ ਸਬ-ਕਮੇਟੀ ਬਣਾਈ ਹੋਈ ਹੈ ਜੋ ਕਿ 26 ਜੂਨ ਨੂੰ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਜਰਨਲ ਇਜਲਾਸ ਦੌਰਾਨ ਆਪਣਾ ਫੈਸਲਾ ਰੱਖੇਗੀ |

ਉਨ੍ਹਾਂ ਕਿਹਾ ਕਿ 21 ਜੁਲਾਈ ਨੂੰ ਪੀ.ਟੀ.ਸੀ ਚੈਨਲ ਦਾ ਕੰਟਰੈਕਟ ਖ਼ਤਮ ਹੋਣਾ ਹੈ, ਲੇਕਿਨ ਉਸ ਤੋਂ ਪਹਿਲਾਂ ਹੀ ਐਸਜੀਪੀਸੀ ਵੱਲੋਂ ਆਪਣੀ ਤਿਆਰੀ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਲੇਕਿਨ ਜਾਣਬੁੱਝ ਕੇ ਪੰਜਾਬ ਸਰਕਾਰ ਇਸ ਵਿਚ ਆਪਣੀ ਦਖਲਅੰਦਾਜ਼ੀ ਕਰਕੇ ਸੰਗਤ ਨੂੰ ਗੁੰਮਰਾਹ ਕਰ ਰਹੀ ਹੈ | ਪੰਜਾਬ ਸਰਕਾਰ ਚੀਚੀ ਨਾਲ ਖ਼ੂਨ ਲਗਾ ਕੇ ਸ਼ਹੀਦ ਅਖਵਾਉਣ ਵਾਲੀ ਗੱਲਾਂ ਕਰ ਰਹੀ ਹੈ | ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਅੱਜ ਭਗਵੰਤ ਮਾਨ ਵੱਲੋਂ ਉਨ੍ਹਾਂ ਦੀ ਵਕਾਲਤ ਦੇ ਉਪਰ ਸਵਾਲ ਚੁੱਕਿਆ ਗਿਆ ਹੈ, ਉਨ੍ਹਾਂ ਕਿਹਾ ਕਿ ਮੈਂ ਆਪਣੀ ਵਕਾਲਤ ਦਾ ਸਰਟੀਫਿਕੇਟ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੋਲੋਂ ਨਹੀਂ ਲੈਣਾ | ਉਨ੍ਹਾਂ ਕਿਹਾ ਕਿ ਜੋਂ ਕੈਬਨਿਟ ਅੱਜ ਗੁਰਬਾਣੀ ਪ੍ਰਸਾਰਣ ਦੀਆਂ ਗੱਲਾਂ ਕਰ ਰਹੀ ਹੈ, ਉਸ ਕੈਬਨਿਟ ਦੇ ਵਿੱਚ ਖੁਦ ਕੋਈ ਅੰਮ੍ਰਿਤਧਾਰੀ ਕੈਬਨਿਟ ਮੰਤਰੀ ਨਹੀਂ ਹੈ |

 

Scroll to Top