ਤਰਨ ਤਾਰਨ, 20 ਜੂਨ 2023: ਤਰਨ ਤਾਰਨ ਦੇ ਵਿਧਾਇਕ ਡਾ. ਕਸ਼ਮੀਰ ਸਿੰਘ ਸੋਹਲ ਨੇ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਣ ਲਈ ਚਲਾਈ ਮੁਹਿੰਮ ਤਹਿਤ ਬਲਾਕ ਗੰਡੀਵਿੰਡ ਦਫ਼ਤਰ ਦੀ ਅਚਨਚੇਤ ਚੈਕਿੰਗ ਕੀਤੀ | ਜਿਸ ਦੌਰਾਨ ਸਿਰਫ ਦੋ ਸੇਵਾਦਾਰ ਹਾਜ਼ਰ ਮਿਲੇ, ਜਦਕਿ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਸਵੇਰੇ 8.30 ਵਜੇ ਦਫਤਰ ਪਹੁੰਚੇ |
ਇਸ ਤੋਂ ਬਿਨਾਂ ਸੁਪਰਡੈਂਟ, ਮਨਰੇਗਾ ਦੇ ਸਹਾਇਕ ਅਫਸਰ,ਪੰਚਾਇਤ ਸੈਕਟਰੀ ਤੇ ਪੰਚਾਇਤ ਅਫਸਰ ਦਫਤਰ ‘ਚੋਂ ਗੈਰ ਹਾਜ਼ਰ ਸਨ | ਇਸ ਸਬੰਧੀ ਵਿਧਾਇਕ ਸੋਹਲ ਨੇ ਡੀਡੀਪੀਓ ਨਾਲ ਫੋਨ ‘ਤੇ ਸੰਪਰਕ ਕਰਕੇ ਜਾਣਕਾਰੀ ਲੈਣੀ ਚਾਹੀ ਤਾਂ ਉਹਨਾਂ ਨੇ ਦੱਸਿਆ ਗਿਆ ਕਿ ਸੈਕਟਰੀ ਸਿੱਧੇ ਹੀ ਫ਼ੀਲਡ ਡਿਊਟੀ ‘ਤੇ ਹਾਜਰ ਹੋ ਜਾਂਦੇ ਹਨ, ਪਰ ਜਦੋਂ ਵਿਧਾਇਕ ਵੱਲੋਂ ਮੂਵਮੈਂਟ ਰਜਿਸਟਰ ਦੇਖਿਆ ਗਿਆ ਤਾਂ ਅਜਿਹਾ ਕੋਈ ਕੁਝ ਨਹੀਂ ਮਿਲਿਆ ਅਤੇ ਨਾ ਹੀ ਇਸ ਸਬੰਧੀ ਉੱਚ ਅਧਿਕਾਰੀਆਂ ਵਲੋਂ ਜਾਰੀ ਨਿਰਦੇਸ਼ ਪੱਤਰ ਦੀ ਸੂਚਨਾ ਮਿਲੀ |
ਡਾ. ਸੋਹਲ ਨੇ ਸਰਕਾਰੀ ਦਫ਼ਤਰ ਵਿੱਚ ਸਮੇਂ ਸਿਰ ਹਾਜ਼ਰ ਨਾ ਹੋਣ ਦਾ ਗੰਭੀਰ ਨੋਟਿਸ ਲੈਂਦੇ ਹੋਏ ਕਿਹਾ ਕਿ ਸਰਕਾਰੀ ਡਿਉਟੀ ਵਿਚ ਕੁਤਾਹੀ ਬਰਦਾਸ਼ਤ ਨਹੀਂ ਹੋਵੇਗੀ | ਇਸ ਦੌਰਾਨ ਵਿਧਾਇਕ ਵੱਲੋਂ ਪਿੰਡਾਂ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਦੀ ਪ੍ਰਗਤੀ ਰਿਪੋਰਟ ਲੈਣ ਲਈ ਜਦੋਂ ਰਿਕਾਰਡ ਦੇਖਿਆ ਤਾਂ ਉਸ ਵਿੱਚ ਬਹੁਤ ਊਣਤਾਈਆਂ ਪਾਈਆਂ ਗਈਆਂ | ਉਹਨਾਂ ਦੱਸਿਆ ਕਿ ਸਬੰਧਤ ਜੇਈ ਐਕਸ ਇੰਡੀਆ ਛੁੱਟੀ ‘ਤੇ ਸੀ ਅਤੇ ਐਸਟੀਮੇਟ ਦੀ ਪ੍ਰਵਾਨਗੀ ਲੈਣ ਤੋਂ ਬਿਨਾਂ ਹੀ ਕਾਰਜ ਸ਼ੁਰੂ ਕਰਵਾ ਦਿੱਤੇ ਗਏ | ਡਾ. ਸੋਹਲ ਨੇ ਕਿਹਾ ਕਿ ਵਿਕਾਸ ਕਾਰਜਾਂ ਦੀ ਜਾਂਚ ਕੀਤੀ ਜਾਵੇਗੀ ਅਤੇ ਗੈਰ-ਮਿਆਰੀ ਕੰਮ ਨਹੀਂ ਹੋਣਗੇ |