Punjab police

ਪੰਜਾਬ ਪੁਲਿਸ ਨੇ ਗਊ ਹੱਤਿਆ ਐਕਟ ਤਹਿਤ ਨਾਮਜ਼ਦ ਵਿਅਕਤੀਆਂ ‘ਤੇ ਕੱਸਿਆ ਸ਼ਿਕੰਜਾ

ਚੰਡੀਗੜ, 19 ਜੂਨ 2023: ਮੁੱਖ ਮੰਤਰੀ ਭਗਵੰਤ ਮਾਨ ਦੇ ਸੁਪਨੇ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਚਲਾਈ ਜਾ ਰਹੀ ਮੁਹਿੰਮ ਤਹਿਤ ਪੰਜਾਬ ਪੁਲਿਸ ਨੇ ਐਤਵਾਰ ਨੂੰ ਉਨਾਂ ਵਿਅਕਤੀਆਂ ਦੇ ਟਿਕਾਣਿਆਂ ‘ਤੇ ਰਾਜ ਵਿਆਪੀ ਛਾਪੇਮਾਰੀ ਕੀਤੀ, ਜਿਨਾਂ ‘ਤੇ ਪਿਛਲੇ ਕੁਝ ਸਾਲਾਂ ਦੌਰਾਨ ਗਊ ਹੱਤਿਆ ਐਕਟ (COW SLAUGHTER ACT) ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਇਹ ਛਾਪੇਮਾਰੀ ਡਾਇਰੈਕਟਰ ਜਨਰਲ ਆਫ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਦੇ ਨਿਰਦੇਸ਼ਾਂ ‘ਤੇ ਕੀਤੀ ਗਈ ਸੀ।

ਸਪੈਸ਼ਲ ਡੀਜੀਪੀ ਲਾਅ ਐਂਡ ਆਰਡਰ ਅਰਪਿਤ ਸ਼ੁਕਲਾ ਨੇ ਦੱਸਿਆ ਕਿ ਸੂਬੇ ਭਰ ਵਿੱਚ ਸਵੇਰੇ 9 ਵਜੇ ਤੋਂ ਸਾਮ 4 ਵਜੇ ਤੱਕ ਸਿੰਕ੍ਰੋਨਾਈਜ਼ਡ ਢੰਗ ਨਾਲ ਕਾਰਵਾਈ ਕੀਤੀ ਗਈ। ਸਾਰੇ ਸੀਪੀਜ/ਐਸਐਸਪੀਜ ਨੂੰ ਇੰਸਪੈਕਟਰਾਂ/ਸਬ-ਇੰਸਪੈਕਟਰਾਂ (ਐਸਆਈਜ) ਦੇ ਅਧੀਨ ਟੀਮਾਂ ਤਾਇਨਾਤ ਕਰਨ ਲਈ ਕਿਹਾ ਗਿਆ ਸੀ ਤਾਂ ਕਿ ਉਹ ਗਊ ਹੱਤਿਆ ਦੇ ਮਾਮਲਿਆਂ ਵਿੱਚ ਸ਼ਾਮਲ ਵਿਅਕਤੀਆਂ ਦੇ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਜਾਵੇ ਤਾਂ ਜੋ ਉਨਾਂ ਦੀ ਮੌਜੂਦਾ ਸਥਿਤੀ ਦੀ ਜਾਂਚ ਕੀਤੀ ਸਕੇ।

ਪੁਲਿਸ ਦੀਆਂ 132 ਟੀਮਾਂ, ਜਿਨਾਂ ਵਿੱਚ 900 ਪੁਲਿਸ ਮੁਲਾਜ਼ਮ ਸ਼ਾਮਲ ਸਨ, ਨੇ ਗਊ ਹੱਤਿਆ (COW SLAUGHTER ACT) ਦੇ ਕੇਸ ਵਿੱਚ ਨਾਮਜ਼ਦ 185 ਵਿਅਕਤੀਆਂ ਦੇ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ । ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਪੁਲਿਸ ਨੇ 2016 ਤੋਂ ਹੁਣ ਤੱਕ ਸੂਬੇ ਵਿੱਚ ਗਊ ਹੱਤਿਆ ਐਕਟ ਤਹਿਤ 319 ਐਫਆਈਆਰ ਦਰਜ ਕੀਤੀਆਂ ਹਨ।

ਸਪੈਸ਼ਲ ਡੀਜੀਪੀ ਨੇ ਕਿਹਾ ਕਿ ਇਸ ਕਾਰਵਾਈ ਨੂੰ ਅੰਜਾਮ ਦੇਣ ਦਾ ਉਦੇਸ਼ ਉਲੰਘਣਾ ਕਰਨ ਵਾਲਿਆਂ ‘ਤੇ ਨਜ਼ਰ ਰੱਖਣਾ ਸੀ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਉਹ ਕਿਸੇ ਕਿਸਮ ਦੀਆਂ ਸਮਾਜ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਲ ਨਹੀਂ ਹਨ। ਉਨਾਂ ਕਿਹਾ ਕਿ ਅਜਿਹੇ ਛਾਪੇ ਅੱਗੇ ਵੀ ਜਾਰੀ ਰਹਿਣਗੇ।

ਉਨਾਂ ਭਰੋਸਾ ਦਿਵਾਇਆ ਕਿ ਗਊਆਂ ਨੂੰ ਮਾਰਨ/ਵੱਢਣ ਦੀ ਗੈਰ-ਕਾਨੂੰਨੀ ਗਤੀਵਿਧੀ ਵਿੱਚ ਸ਼ਾਮਲ ਪਾਏ ਜਾਣ ਵਾਲੇ ਕਿਸੇ ਵੀ ਵਿਅਕਤੀ ਨੂੰ ਪੁਲੀਸ ਵੱਲੋਂ ਬਖ਼ਸ਼ਿਆ ਨਹੀਂ ਜਾਵੇਗਾ ਕਿਉਂਕਿ ਬਾ-ਕਾਨੂੰਨ ਪੁਲਿਸ ਬਲ ਗਊਆਂ ਦੀ ਸੁਰੱਖਿਆ ਅਤੇ ਸੰਭਾਲ ਲਈ ਵਚਨਬੱਧ ਹੈ। ਜ਼ਿਕਰਯੋਗ ਹੈ ਕਿ ਅਜਿਹੀਆਂ ਕਾਰਵਾਈਆਂ ਸਮਾਜ ਵਿਰੋਧੀ ਅਨਸਰਾਂ ਵਿੱਚ ਡਰ ਪੈਦਾ ਕਰਨ ਅਤੇ ਆਮ ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਪੈਦਾ ਕਰਨ ਵਿੱਚ ਵੀ ਮਦਦ ਕਰਦੀਆਂ ਹਨ।

Scroll to Top