BKU Ekta-Ugrahan

BKU ਏਕਤਾ-ਉਗਰਾਹਾਂ ਵੱਲੋਂ ਡੀਜ਼ਲ ਤੇ ਪੈਟ੍ਰੋਲ ਦੇ ਰੇਟਾਂ ‘ਚ ਵਾਧਾ ਕਰਨ ਬਦਲੇ ਪੰਜਾਬ ਸਰਕਾਰ ਦੀ ਸਖ਼ਤ ਨਿਖੇਧੀ

ਚੰਡੀਗੜ੍ਹ 16 ਜੂਨ 2023: ਬੀਤੇ ਦਿਨੀਂ ਪੰਜਾਬ ਸਰਕਾਰ ਵੱਲੋਂ ਟੈਕਸ ਵਧਾ ਕੇ ਡੀਜ਼ਲ-ਪੈਟ੍ਰੋਲ ਦੇ ਰੇਟਾਂ ਵਿੱਚ ਕੀਤੇ ਗਏ ਵਾਧੇ ਦੀ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) (BKU Ekta-Ugrahan) ਵੱਲੋਂ ਸਖ਼ਤ ਨਿਖੇਧੀ ਕਰਦਿਆਂ ਮੰਗ ਕੀਤੀ ਗਈ ਹੈ ਕਿ ਇਹ ਵਾਧਾ ਤੁਰੰਤ ਵਾਪਸ ਲਿਆ ਜਾਵੇ। ਇਸ ਬਾਰੇ ਇੱਥੇ ਸਾਂਝਾ ਪ੍ਰੈੱਸ ਬਿਆਨ ਜਾਰੀ ਕਰਦਿਆਂ ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੋਸ਼ ਲਾਇਆ ਕਿ ਗੁਆਂਢੀ ਸੂਬਿਆਂ ਦੇ ਮੁਕਾਬਲੇ ਪਹਿਲਾਂ ਹੀ ਉੱਚੇ ਰੇਟਾਂ ਦੇ ਬਾਵਜੂਦ ਅਤੇ ਕੌਮਾਂਤਰੀ ਮੰਡੀ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਬੀਤੇ ਸਾਲਾਂ ਦੇ ਮੁਕਾਬਲੇ ਕਾਫ਼ੀ ਨੀਵੀਂਆਂ ਹੋਣ ਦੇ ਬਾਵਜੂਦ ਕੀਤਾ ਗਿਆ |

ਇਹ ਫੈਸਲਾ ਸਾਰੇ ਤੇਲ-ਬਾਲਣ ਖਪਤਕਾਰਾਂ ਉੱਤੇ ਸਰਾਸਰ ਨਜਾਇਜ਼ ਬੋਝ ਪਾਉਣ ਵਾਲਾ ਫੈਸਲਾ ਹੈ। ਇਸ ਤੋਂ ਵੀ ਅੱਗੇ ਖੇਤੀ ਕੰਮਾਂ ਵਿੱਚੋਂ ਸਭ ਤੋਂ ਵੱਧ ਡੀਜ਼ਲ ਖਪਤ ਵਾਲ਼ਾ ਝੋਨਾ ਬੀਜਣ ਦਾ ਕੰਮ ਸ਼ੁਰੂ ਹੋਣ ਸਾਰ ਡੀਜ਼ਲ ਦੇ ਰੇਟ ਵਿੱਚ ਕੀਤਾ ਵਾਧਾ ਵਿਸ਼ੇਸ਼ ਤੌਰ ‘ਤੇ ਕਿਸਾਨ ਮਾਰੂ ਫੈਸਲਾ ਹੈ, ਜਿਹੜੇ ਪਹਿਲਾਂ ਹੀ ਭਾਰੀ ਕਰਜ਼ਿਆਂ ਦੇ ਬੋਝ ਥੱਲੇ ਦੱਬੇ ਹੋਏ ਖੁਦਕੁਸ਼ੀਆਂ ਦਾ ਸ਼ਿਕਾਰ ਹੋ ਰਹੇ ਹਨ।

ਉਨ੍ਹਾਂ ਕਿਹਾ ਕਿ ਇਹ ਫ਼ੈਸਲਾ ਤੇਲ ਕੰਪਨੀਆਂ ਨੂੰ ਵੱਧ ਤੋਂ ਵੱਧ ਮੁਨਾਫ਼ੇ ਖਟਾ ਕੇ ਆਉਂਦੇ ਵਰ੍ਹੇ ਸੰਸਦੀ ਚੋਣਾਂ ਮੌਕੇ ਉਨ੍ਹਾਂ ਕੋਲੋਂ ਆਪ ਪਾਰਟੀ ਲਈ ਖੁੱਲ੍ਹੇ ਚੋਣ ਫੰਡ ਬਟੋਰਨ ਦੀ ਮੌਕਾਪ੍ਰਸਤ ਲੋਕ-ਵਿਰੋਧੀ ਰਾਜਨੀਤੀ ਤੋਂ ਪ੍ਰੇਰਿਤ ਹੈ। ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਨੂੰ ਇਹ ਵਾਧਾ ਵਾਪਸ ਨਾ ਲੈਣ ਦੀ ਸੂਰਤ ਵਿੱਚ ਸਾਂਝੇ ਜਨਤਕ ਸੰਘਰਸ਼ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ ਦੀ ਚਿਤਾਵਨੀ ਦਿੱਤੀ ਹੈ।

Scroll to Top