JP Nadda

ਭਾਜਪਾ ਨੇ ਵੰਸ਼ਵਾਦ ਤੇ ਵੋਟ ਬੈਂਕ ਦੀ ਰਾਜਨੀਤੀ ਖ਼ਤਮ ਕਰਕੇ ਵਿਕਾਸ ਦੀ ਨਵੀਂ ਰਾਜਨੀਤੀ ਦੀ ਸੁਰੂਆਤ ਕੀਤੀ: ਜੇ ਪੀ ਨੱਡਾ

ਜਲੰਧਰ, 14 ਜੂਨ 2023: ਕੇਂਦਰ ਦੀ ਭਾਜਪਾ ਸਰਕਾਰ ਦੇ 9 ਸਾਲ ਪੂਰੇ ਹੋਣ ‘ਤੇ ਭਾਰਤੀ ਜਨਤਾ ਪਾਰਟੀ ਵੱਲੋਂ ਪੂਰੇ ਦੇਸ਼ ਵਿੱਚ ਚਲਾਏ ਜਾ ਰਹੇ ਮਹਾ ਸੰਪਰਕ ਅਭਿਆਨ ਤਹਿਤ ਹਰ ਲੋਕ ਸਭਾ ਵਿੱਚ ਰੈਲੀਆਂ ਕਰਕੇ ਭਾਰਤ ਦੀ ਤਰੱਕੀ ਅਤੇ ਪ੍ਰਾਪਤੀਆਂ ਦਾ ਵਿਸਤ੍ਰਿਤ ਰਿਪੋਰਟ ਕਾਰਡ ਲੋਕਾਂ ਦੇ ਸਾਹਮਣੇ ਪੇਸ਼ ਕੀਤਾ ਜਾ ਰਿਹਾ ਹੈ।

ਇਸੇ ਲੜੀ ਤਹਿਤ ਅੱਜ ਭਾਜਪਾ ਦੇ ਕੌਮੀ ਪ੍ਰਧਾਨ ਅਤੇ ਸੰਸਦ ਮੈਂਬਰ ਜੇਪੀ ਨੱਡਾ (JP Nadda) ਨੇ ਹੁਸ਼ਿਆਰਪੁਰ ਦੇ ਰੋਸ਼ਨ ਗਰਾਊਂਡ ਵਿਖੇ ਵਿਸ਼ਾਲ ਰੈਲੀ ਨੂੰ ਸੰਬੋਧਨ ਕੀਤਾ। ਹੁਸ਼ਿਆਰਪੁਰ ਪੁੱਜਣ ‘ਤੇ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਆਪਣੇ ਅਹੁਦੇਦਾਰਾਂ ਸਮੇਤ ਕੌਮੀ ਪ੍ਰਧਾਨ ਜਗਤ ਪ੍ਰਕਾਸ਼ ਨੱਡਾ ਦਾ ਗੁਲਦਸਤਾ, ਦੁਸ਼ਾਲਾ ਅਤੇ ਤਲਵਾਰ ਭੇਂਟ ਕਰਕੇ ਸਵਾਗਤ ਕੀਤਾ।

ਜੇਪੀ ਨੱਡਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਜੋ ਕੰਮ ਭਾਰਤੀ ਜਨਤਾ ਪਾਰਟੀ ਦੀ ਐਨਡੀਏ ਸਰਕਾਰ ਨੇ ਜ਼ਮੀਨੀ ਪੱਧਰ ’ਤੇ ਕੀਤੇ ਹਨ, ਉਹ ਕਿਸੇ ਵੀ ਪਾਰਟੀ ਨੇ 70 ਸਾਲਾਂ ਵਿੱਚ ਨਹੀਂ ਕੀਤੇ। 2014 ਤੋਂ ਪਹਿਲਾਂ ਦੇ ਭਾਰਤ ਅਤੇ ਅੱਜ ਦੇ ਭਾਰਤ ਵਿੱਚ ਬਹੁਤ ਅੰਤਰ ਹੈ। ਭਾਰਤ ਵਿੱਚ 2014 ਤੋਂ ਪਹਿਲਾਂ ਤਤਕਾਲੀ ਸਰਕਾਰ ਫੈਸਲੇ ਨਹੀਂ ਲੈਂਦੀ ਸੀ, ਸਿਰਫ ਲਟਕਾਉਣਾ ਹੀ ਉਸ ਦਾ ਕੰਮ ਸੀ। 2014 ਤੋਂ ਪਹਿਲਾਂ ਭਾਰਤ ਵਿੱਚ ਭ੍ਰਿਸ਼ਟਾਚਾਰ ਵੀ ਸਿਖਰਾਂ ‘ਤੇ ਸੀ। 2014 ਤੋਂ ਬਾਅਦ ਦੇਸ਼ ਨੇ ਬੇਮਿਸਾਲ ਤਰੱਕੀ ਕੀਤੀ ਹੈ।

ਅੱਜ ਮੋਦੀ ਸਰਕਾਰ ਦੀ ਅਗਵਾਈ ਹੇਠ ਭਾਰਤ ਵੰਸ਼ਵਾਦ ਤੋਂ ਬਾਹਰ ਨਿਕਲ ਕੇ ਤੇਜ਼ੀ ਨਾਲ ਵਿਕਾਸ ਵੱਲ ਵਧ ਰਿਹਾ ਹੈ। ਅੱਜ ਦੁਨੀਆ ਦੇ ਸਾਰੇ ਦੇਸ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਲਾਹ ਤੋਂ ਬਿਨਾਂ ਕੋਈ ਕੰਮ ਨਹੀਂ ਕਰਦੇ। ਹਰ ਦੇਸ਼ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਗੱਲ ਬੜੇ ਧਿਆਨ ਨਾਲ ਸੁਣੀ ਜਾਂਦੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਪੂਰੇ ਦੇਸ਼ ਵਿੱਚ ਵਿਕਾਸ ਦੀ ਹਨੇਰੀ ਚੱਲ ਰਹੀ ਹੈ।

ਜੇਪੀ ਨੱਡਾ ਨੇ ਵਰਕਰਾਂ ਦਾ ਅਭਿਨੰਦਨ ਕਰਦਿਆਂ ਕਿਹਾ ਕਿ ਇਹ ਮੇਰੀ ਖੁਸ਼ਕਿਸਮਤੀ ਹੈ ਕਿ ਮੈਨੂੰ ਗਰੀਬ ਭਲਾਈ ਦੇ ਪ੍ਰੋਗਰਾਮ ‘ਚ ਪੰਜਾਬ ਦੀ ਧਰਤੀ ‘ਤੇ ਬੋਲਣ ਦਾ ਮੌਕਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਭਾਜਪਾ ਵੱਲੋਂ ਕਈ ਲੋਕ ਭਲਾਈ ਸਕੀਮਾਂ ਨੂੰ ਅਮਲੀਜਾਮਾ ਪਹਿਨਾਉਣ ਦਾ ਕੰਮ ਕੀਤਾ ਜਾ ਰਿਹਾ ਹੈ।

ਮੋਦੀ ਸਰਕਾਰ ਨੇ ਗਰੀਬ ਲੋਕਾਂ ਨੂੰ ਮੁਫਤ ਅਨਾਜ ਦੇਣ ਦਾ ਕੰਮ ਕੀਤਾ ਅਤੇ ਇਸ ਲਈ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਸ਼ੁਰੂ ਕੀਤੀ। ਅੱਜ ਇਨ੍ਹਾਂ 9 ਸਾਲਾਂ ਵਿੱਚ ਦੇਸ਼ ਵਿੱਚ ਗਰੀਬੀ 10 ਫੀਸਦੀ ਤੋਂ ਵੀ ਘੱਟ ਹੋਈ ਹੈ। ਆਮ ਲੋਕਾਂ ਦੀਆਂ ਸਿਹਤ ਸਮੱਸਿਆਵਾਂ ਨੂੰ ਧਿਆਨ ਵਿੱਚ ਰੱਖਦਿਆਂ ਪੂਰੇ ਭਾਰਤ ਵਿੱਚ ਆਯੂਸ਼ਮਾਨ ਭਾਰਤ ਯੋਜਨਾ ਸ਼ੁਰੂ ਕੀਤੀ ਗਈ ਸੀ, ਜਿਸ ਤਹਿਤ ਹਰ ਲੋੜਵੰਦ ਗਰੀਬ ਨੂੰ 5 ਲੱਖ ਰੁਪਏ ਤੱਕ ਦੇ ਮੁਫ਼ਤ ਇਲਾਜ ਦੀ ਸਹੂਲਤ ਉਪਲਬਧ ਕਰਵਾਈ ਗਈ ਸੀ।

ਓਬੀਸੀ ਕਮਿਸ਼ਨ ਨੂੰ ਸੰਵਿਧਾਨਕ ਦਰਜਾ ਦੇਣ ਦਾ ਕੰਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ। ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ 4 ਕਰੋੜ ਲੋਕਾਂ ਨੂੰ ਘਰ ਮੁਹੱਈਆ ਕਰਵਾਏ ਗਏ ਹਨ। ਗੁਰਦੁਆਰਿਆਂ ਦੇ ਲੰਗਰ ‘ਤੇ GST ਹਟਾਉਣ ਦਾ ਕੰਮ ਪ੍ਰਧਾਨਮੰਤਰੀ ਮੋਦੀ ਦੀ ਭਾਜਪਾ ਸਰਕਾਰ ਨੇ ਕੀਤਾ, ਜਿਸ ਦੇ ਤਹਿਤ ਮੋਦੀ ਸਰਕਾਰ 300 ਕਰੋੜ ਤੋਂ ਵੱਧ ਦੀ ਅਦਾਇਗੀ ਸਹਿਣ ਕਰਦੀ ਹੈ।

ਪ੍ਰਧਾਨ ਮੰਤਰੀ ਮੋਦੀ ਨੇ ਕਰਤਾਰਪੁਰ ਲਾਂਘਾ ਖੋਲ੍ਹਣ ਦਾ ਕੰਮ ਕੀਤਾ। 1984 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਦਾ ਕੰਮ ਵੀ ਪ੍ਰਧਾਨ ਮੰਤਰੀ ਮੋਦੀ ਨੇ ਕੀਤਾ। ਅੱਜ ਪਿੰਡ ਤੇਜ਼ੀ ਨਾਲ ਤਰੱਕੀ ਵੱਲ ਵਧ ਰਹੇ ਹਨ। ਸੜਕਾਂ ਦਾ ਜਾਲ ਵਿਛਾਇਆ ਜਾ ਰਿਹਾ ਹੈ।

ਕਿਸਾਨਾਂ ਨੂੰ ਵਿਸ਼ਵ ਪੱਧਰ ‘ਤੇ ਮੁਕਾਬਲੇ ਲਈ ਤਿਆਰ ਕਰਨ ਲਈ ਉਨ੍ਹਾਂ ਨੂੰ ਨਵੀਂ ਤਕਨੀਕ ਨਾਲ ਲੈਸ ਹੋਣ ਦੀ ਸਿਖਲਾਈ ਦਿੱਤੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਸਬਸਿਡੀ ‘ਤੇ ਖੇਤੀ ਸੰਦ ਦਿੱਤੇ ਜਾ ਰਹੇ ਹਨ। ਕਿਸਾਨ ਸਨਮਾਨ ਨਿਧੀ ਤਹਿਤ ਪੰਜਾਬ ਵਿੱਚ ਕਿਸਾਨਾਂ ਨੂੰ ਸਾਲਾਨਾ 11.78 ਕਰੋੜ ਰੁਪਏ ਦਿੱਤੇ ਜਾ ਰਹੇ ਹਨ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠਲੀ ਭਾਜਪਾ ਦੀ ਕੇਂਦਰ ਸਰਕਾਰ ਨੇ ਕਿਸਾਨਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਕਈ ਲਾਹੇਵੰਦ ਸਕੀਮਾਂ ਬਣਾ ਕੇ ਜ਼ਮੀਨ ‘ਤੇ ਉਤਾਰੀਆਂ ਹਨ, ਜਿਸ ਦਾ ਕਿਸਾਨ ਵੀਰ ਲਾਭ ਲੈ ਰਹੇ ਹਨ।

Scroll to Top