Kultar Singh Sandhawan

ਕੁਲਤਾਰ ਸਿੰਘ ਸੰਧਵਾਂ ਵੱਲੋਂ ਵਿਧਾਨ ਸਭਾ ਦੀਆਂ ਵੱਖ-ਵੱਖ ਕਮੇਟੀਆਂ ਦੇ ਨਵ-ਨਿਯੁਕਤ ਚੇਅਰਮੈਨਾਂ ਨਾਲ ਮੀਟਿੰਗ

ਚੰਡੀਗੜ੍ਹ, 14 ਜੂਨ 2023: ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ (Kultar Singh Sandhawan) ਨੇ ਵਿਧਾਨ ਸਭਾ ਦੀਆਂ ਵੱਖ-ਵੱਖ ਕਮੇਟੀਆਂ ਦੇ ਨਵ-ਨਿਯੁਕਤ ਚੇਅਰਮੈਨਾਂ ਨਾਲ ਮੀਟਿੰਗ ਦੌਰਾਨ ਉਨ੍ਹਾਂ ਨੂੰ ਲੋਕਾਂ ਦੀ ਭਲਾਈ ਯਕੀਨੀ ਬਣਾਉਣ ਲਈ ਸੌਂਪੀ ਗਈ ਜ਼ਿੰਮੇਵਾਰੀ ਪ੍ਰਭਾਵੀ ਢੰਗ ਨਾਲ ਨਿਭਾਉਣ ਦੀ ਅਪੀਲ ਕੀਤੀ।

ਵਿਧਾਨ ਸਭਾ ਦੇ ਕਮੇਟੀ ਰੂਮ ਵਿੱਚ ਮੀਟਿੰਗ ਦੌਰਾਨ ਸ. ਸੰਧਵਾਂ ਨਵ-ਨਿਯੁਕਤ ਚੇਅਰਮੈਨਾਂ ਨੂੰ ਵਧਾਈ ਦਿੰਦਿਆਂ ਆਸ ਪ੍ਰਗਟਾਈ ਕਿ ਸਾਰੀਆਂ ਕਮੇਟੀਆਂ ਵਿਧਾਨ ਸਭਾ ਦੇ ਕਾਰਜ ਸੰਚਾਲਨ ਨੂੰ ਸੁਚਾਰੂ ਢੰਗ ਨਾਲ ਚਲਾਉਣਾ ਯਕੀਨੀ ਬਣਾਉਣਗੀਆਂ ਤਾਂ ਜੋ ਜਵਾਬਦੇਹੀ ਪ੍ਰਣਾਲੀ ਨੂੰ ਹੋਰ ਪੁਖ਼ਤਾ ਬਣਾਇਆ ਜਾ ਸਕੇ।

ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ (Kultar Singh Sandhawan) ਨੇ ਕਿਹਾ ਕਿ ਇਹ ਕਮੇਟੀਆਂ ਲੋਕਾਂ ਦੇ ਮਸਲਿਆਂ ਨੂੰ ਹੱਲ ਕਰਾਉਣ ਵਿੱਚ ਅਹਿਮ ਭੂਮਿਕਾ ਅਦਾ ਕਰਦੀਆਂ ਹਨ। ਇਸ ਕਰਕੇ ਕਮੇਟੀਆਂ ਦੀ ਨਿਯਮਿਤ ਮੀਟਿੰਗਾਂ ਕੀਤੀਆਂ ਜਾਣ। ਉਨ੍ਹਾਂ ਨਾਲ ਹੀ ਅਹੁਦੇਦਾਰਾਂ ਨੂੰ ਕਮੇਟੀਆਂ ਦੀਆਂ ਮੀਟਿੰਗਾਂ ਵਿੱਚ ਨਿਰੰਤਰ ਸ਼ਾਮਲ ਹੋਣਾ ਯਕੀਨੀ ਬਣਾਇਆ ਜਾਵੇ।

ਉਨ੍ਹਾਂ ਵੱਖ-ਵੱਖ ਕਮੇਟੀਆਂ ਨਾਲ ਤਾਇਨਾਤ ਸਟਾਫ਼ ਨੂੰ ਵੀ ਹਦਾਇਤ ਕੀਤੀ ਕਿ ਉਹ ਕਮੇਟੀ ਦੇ ਚੇਅਰਮੈਨ ਅਤੇ ਮੈਂਬਰ ਸਾਹਿਬਾਨ ਨੂੰ ਮੀਟਿੰਗਾਂ ਸਬੰਧੀ ਵੱਧ ਤੋਂ ਵੱਧ ਸਹਿਯੋਗ ਕਰਨ ਅਤੇ ਵਿਧਾਨ ਸਭਾ ਦੀਆਂ ਕਮੇਟੀਆਂ ਦੀ ਕਾਰਜ ਨਿਯਮਾਂਵਲੀ ਤੋਂ ਵੀ ਜਾਣੂ ਕਰਵਾਉਣ। ਵੱਖ-ਵੱਖ ਕਮੇਟੀਆਂ ਦੇ ਨਵ-ਨਿਯੁਕਤ ਚੇਅਰਮੈਨਾਂ ਨੇ ਸਪੀਕਰ ਨੂੰ ਭਰੋਸਾ ਦਿਵਾਇਆ ਕਿ ਉਹ ਕਮੇਟੀਆਂ ਦਾ ਕਾਰਜ ਸਹੀ ਤਰੀਕੇ ਨਾਲ ਚਲਾਉਣਗੇ।

Scroll to Top