ਚੰਡੀਗੜ੍ਹ, 08 ਜੂਨ 2023: ਅਫਗਾਨਿਸਤਾਨ ਦੇ ਫੈਜ਼ਾਬਾਦ (Faizabad) ‘ਚ ਵੀਰਵਾਰ ਨੂੰ ਹੋਏ ਆਤਮਘਾਤੀ ਹਮਲੇ ‘ਚ ਘੱਟ ਤੋਂ ਘੱਟ 16 ਜਣਿਆਂ ਦੀ ਮੌਤ ਹੋ ਗਈ ਹੈ । ਇਹ ਹਮਲਾ ਉਸ ਸਮੇਂ ਹੋਇਆ ਜਦੋਂ ਲੋਕ ਇੱਥੇ ਉਪ ਰਾਜਪਾਲ ਨੂੰ ਸਪੁਰਦ-ਏ-ਖ਼ਾਕ ਕਰਨ ਲਈ ਇਕੱਠੇ ਹੋਏ ਸਨ। ਸਥਾਨਕ ਹਸਪਤਾਲ ਦੇ ਇੰਚਾਰਜ ਨੇ ਦੱਸਿਆ ਕਿ ਹੁਣ ਤੱਕ 16 ਲਾਸ਼ਾਂ ਬਰਾਮਦ ਹੋਈਆਂ ਹਨ।
ਮਰਨ ਵਾਲਿਆਂ ਦੀ ਗਿਣਤੀ ਵੱਧ ਸਕਦੀ ਹੈ ਕਿਉਂਕਿ ਉੱਥੇ ਬਹੁਤ ਸਾਰੇ ਲੋਕ ਮੌਜੂਦ ਸਨ। ਮਾਰੇ ਗਏ ਲੋਕਾਂ ਵਿਚ ਤਾਲਿਬਾਨ ਦਾ ਇਕ ਸੀਨੀਅਰ ਕਮਾਂਡਰ ਵੀ ਸ਼ਾਮਲ ਹੈ। ਕੁਝ ਰਿਪੋਰਟਾਂ ‘ਚ ਕਿਹਾ ਗਿਆ ਹੈ ਕਿ ਇਹ ਹਮਲਾ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ (ਆਈ. ਐੱਸ. ਆਈ. ਐੱਸ.-ਕੇ.) ਦੇ ਖੁਰਾਸਾਨ ਸਮੂਹ ਨੇ ਕੀਤਾ ਹੈ।
ਬਦਖਸ਼ਾਨ ‘ਚ ਮੌਜੂਦ ਇਕ ਤਾਲਿਬਾਨ ਨੇਤਾ ਨੇ ਦੱਸਿਆ ਕਿ ਇਹ ਫਿਦਾਈਨ ਹਮਲਾ ਬਦਖਸ਼ਾਨ ਦੀ ਰਾਜਧਾਨੀ ਫੈਜ਼ਾਬਾਦ ‘ਚ ਵੀਰਵਾਰ ਦੁਪਹਿਰ ਕਰੀਬ 3 ਵਜੇ ਹੋਇਆ। ਕੁਝ ਦਿਨ ਪਹਿਲਾਂ ਮੌਲਵੀ ਨਿਸਾਰ ਅਹਿਮਦ ਇੱਕ ਹਮਲੇ ਵਿੱਚ ਮਾਰਿਆ ਗਿਆ ਸੀ। ਉਹ ਬਦਖ਼ਸ਼ਾਨ ਰਾਜ ਦਾ ਡਿਪਟੀ ਗਵਰਨਰ ਸੀ। ਕਈ ਤਾਲਿਬਾਨ ਨੇਤਾ ਅੰਤਿਮ ਸ਼ਰਧਾਂਜਲੀ ਦੇਣ ਲਈ ਫੈਜ਼ਾਬਾਦ ਪਹੁੰਚੇ ਸਨ।