ਚੰਡੀਗ੍ਹੜ, 08 ਜੂਨ 2023: ਲੁਧਿਆਣਾ ਦੇ ਨਿਊ ਕੋਰਟ ਕੰਪਲੈਕਸ (Court Complex of Ludhiana) ‘ਚ ਵੀਰਵਾਰ ਸਵੇਰੇ ਹੋਏ ਧਮਾਕੇ ਦਾ ਅਸਲ ਸੱਚ ਸਾਹਮਣੇ ਆ ਗਿਆ ਹੈ। ਦਰਅਸਲ ਏ.ਸੀ.ਪੀ ਸਿਵਲ ਲਾਈਨ ਜਸਰੂਪ ਕੌਰ ਬਾਠ ਨੇ ਦੱਸਿਆ ਕਿ ਜ਼ਿਲ੍ਹਾ ਕਚਹਿਰੀ ਵਿੱਚ ਕੋਈ ਧਮਕਾਇਆ ਨਹੀਂ ਹੋਇਆ । ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਘਬਰਾਉਣ ਅਤੇ ਕਿਸੇ ਵੀ ਅਫਵਾਹ ‘ਤੇ ਵਿਸ਼ਵਾਸ ਨਾ ਕਰਨ।
ਉਨ੍ਹਾਂ ਦੱਸਿਆ ਕਿ ਵੱਖ-ਵੱਖ ਕੇਸਾਂ ਵਿੱਚ ਮੁਲਜ਼ਮਾਂ ਕੋਲੋਂ ਬਰਾਮਦ ਕੀਤਾ ਗਿਆ ਸਾਮਾਨ ਨਵੀਂ ਅਦਾਲਤ ਵਿੱਚ ਬਣੇ ਗੋਦਾਮ ਵਿੱਚ ਪਿਆ ਹੈ। ਇੱਥੋਂ ਕੂੜਾ ਚੁੱਕ ਕੇ ਸਫ਼ਾਈ ਕਰਮਚਾਰੀਆਂ ਨੇ ਪਹਿਲਾਂ ਵਾਂਗ ਸਾਫ਼-ਸਫ਼ਾਈ ਕੀਤੀ ਅਤੇ ਕੂੜਾ ਇੱਕ ਥਾਂ ’ਤੇ ਇਕੱਠਾ ਕਰਕੇ ਅੱਗ ਲਗਾ ਦਿੱਤੀ। ਕੂੜੇ ਵਿੱਚ ਇੱਕ ਕੱਚ ਦੀ ਬੋਤਲ ਸੀ, ਜੋ ਕੁਝ ਤਰਲ ਨਾਲ ਭਰੀ ਹੋਈ ਸੀ। ਅੱਗ ਲੱਗਣ ਕਾਰਨ ਬੋਤਲ ਵਿੱਚ ਗੈਸ ਭਰ ਗਈ ਅਤੇ ਉਹ ਫਟ ਗਈ । ਬੋਤਲ ਫਟਣ ਨਾਲ ਸ਼ੀਸ਼ਾ ਟੁੱਟਣ ਕਾਰਨ ਇੱਕ ਮੁਲਾਜ਼ਮ ਵੀ ਜ਼ਖਮੀ ਹੋ ਹੋ ਗਿਆ । ਉਨ੍ਹਾਂ ਕਿਹਾ ਕਿ ਕਿਸੇ ਤਰ੍ਹਾਂ ਦਾ ਕੋਈ ਧਮਾਕਾ ਨਹੀਂ ਹੋਇਆ।
ਇਸ ਦੇ ਨਾਲ ਹੀ ਪੁਲਿਸ ਨੇ ਤਲਾਸ਼ੀ ਮੁਹਿੰਮ ਚਲਾਈ, ਪਰ ਕੁਝ ਨਹੀਂ ਮਿਲਿਆ। ਦਰਅਸਲ, 23 ਦਸੰਬਰ 2021 ਨੂੰ ਲੁਧਿਆਣਾ ਕੋਰਟ ਕੰਪਲੈਕਸ ਵਿੱਚ ਬੰਬ ਧਮਾਕਾ ਹੋਇਆ ਸੀ, ਜੋ ਇੱਕ ਸਾਜ਼ਿਸ਼ ਸੀ। ਇਸੇ ਨੂੰ ਮੁੱਖ ਰੱਖਦਿਆਂ ਇੱਕ ਵਾਰ ਫਿਰ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਸੀ ।