ਚੰਡੀਗੜ੍ਹ,08 ਜੂਨ 2023: ਪੰਜਾਬ ਦੇ ਰਾਜਪਾਲ (Punjab Governor) ਬਨਵਾਰੀਲਾਲ ਪੁਰੋਹਿਤ ਦੇ ਸੂਬੇ ਦੇ ਸਰਹੱਦੀ ਇਲਾਕਿਆਂ ਦੇ ਦੌਰੇ ਦਾ ਅੱਜ ਆਖਰੀ ਦਿਨ ਹੈ। ਇਸ ਦੌਰਾਨ ਉਹ ਗੁਰਦਾਸਪੁਰ, ਫਿਰੋਜ਼ਪੁਰ ਅਤੇ ਫਾਜ਼ਿਲਕਾ ਦੇ ਸਰਹੱਦੀ ਇਲਾਕਿਆਂ ਦਾ ਦੌਰਾ ਕਰਨਗੇ। ਇੱਥੇ ਸਰਹੱਦ ਨੇੜੇ ਰਹਿੰਦੇ ਕੁਝ ਲੋਕਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਰਾਜਪਾਲ ਉਨ੍ਹਾਂ ਦੀਆਂ ਮੁਸ਼ਕਲਾਂ ਵੀ ਸੁਣਨਗੇ ।
ਪੰਜਾਬ ਰਾਜਪਾਲ ਨੇ ਦੋ ਦਿਨਾਂ ਦੌਰੇ ਦੇ ਪਹਿਲੇ ਦਿਨ ਅੰਮ੍ਰਿਤਸਰ, ਤਰਨਤਾਰਨ ਅਤੇ ਪਠਾਨਕੋਟ ਦੇ ਸਰਹੱਦੀ ਇਲਾਕਿਆਂ ਦਾ ਦੌਰਾ ਕੀਤਾ। ਇੱਥੇ ਉਸ ਨੇ ਕੁਝ ਲੋਕਾਂ ਨਾਲ ਗੱਲਬਾਤ ਕਰਨ ਸਮੇਤ ਅਧਿਕਾਰੀਆਂ ਤੋਂ ਸਰਹੱਦੀ ਸੁਰੱਖਿਆ ਬਾਰੇ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਵੱਲੋਂ ਸਰਹੱਦੀ ਸੁਰੱਖਿਆ ਲਈ ਤਿਆਰੀਆਂ ਅਤੇ ਮਾਈਨਿੰਗ ਗਤੀਵਿਧੀਆਂ ਸਮੇਤ ਹੋਰ ਸਮੱਸਿਆਵਾਂ ਦਾ ਵੀ ਨਿਰੀਖਣ ਕੀਤਾ ਗਿਆ।
ਪੰਜਾਬ ਦੇ ਰਾਜਪਾਲ (Punjab Governor) ਬਨਵਾਰੀ ਲਾਲ ਪੁਰੋਹਿਤ ਨੇ ਮੀਡੀਆ ਨਾਲ ਜੁੜੇ ਆਪਣੇ ਤਜ਼ਰਬੇ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਪਾਕਿਸਤਾਨ ਸਾਡੇ ਨਾਲ ਸਿੱਧੇ ਤੌਰ ‘ਤੇ ਨਹੀਂ ਲੜ ਸਕਦਾ, ਇਸੇ ਲਈ ਉਹ ਨਸ਼ਿਆਂ ਰਾਹੀਂ ਲੁਕਵੀਂ ਜੰਗ ਲੜ ਰਿਹਾ ਹੈ। ਪੰਜਾਬ ਵਿੱਚ ਡਰੋਨ ਦੀ ਸਮੱਸਿਆ ਬਹੁਤ ਹੈ, ਕਾਰਵਾਈ ਹੋ ਰਹੀ ਹੈ ਪਰ ਇਹ ਕਾਫੀ ਨਹੀਂ ਹੈ। ਇਸ ਮੌਕੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਅਤੇ ਮੁੱਖ ਸਕੱਤਰ ਵੀਕੇ ਜੰਜੂਆ ਵੀ ਮੌਜੂਦ ਸਨ। ਅੰਤ ਵਿੱਚ ਪੰਜਾਬ ਦੇ ਰਾਜਪਾਲ ਨੇ ਸਹਿਮਤੀ ਪ੍ਰਗਟਾਈ ਕਿ ਮੇਰੀ ਚੌਥੀ ਫੇਰੀ ਤੋਂ ਉਹ ਸੰਤੁਸ਼ਟ ਹਨ ਕਿ ਸਾਰੇ ਮਿਲ ਕੇ ਕੰਮ ਕਰ ਰਹੇ ਹਨ।
ਸਰਕਾਰ ਨੂੰ ਸਰਹੱਦੀ ਖੇਤਰਾਂ ਵਿੱਚ ਸੀਸੀਟੀਵੀ ਲਗਾਉਣ ਨੂੰ ਪਹਿਲ ਦੇਣੀ ਚਾਹੀਦੀ ਹੈ। ਇਹ ਰਾਸ਼ਟਰੀ ਸੁਰੱਖਿਆ ਦਾ ਮਾਮਲਾ ਹੈ। ਭਾਰਤ ਨੂੰ ਨਸ਼ੀਲੇ ਪਦਾਰਥ ਅਤੇ ਹਥਿਆਰ ਭੇਜਣ ਵਿੱਚ ਪਾਕਿਸਤਾਨ ਸਰਕਾਰ ਦਾ ਹੱਥ ਹੈ। ਸਾਡੇ ਬੱਚੇ ਨਸ਼ਿਆਂ ਦੇ ਆਦੀ ਹੋ ਰਹੇ ਹਨ। ਭਾਰਤ ਨੇ ਅਜੇ ਤੱਕ ਜਵਾਬੀ ਕਾਰਵਾਈ ਨਹੀਂ ਕੀਤੀ ਹੈ। ਅਜਿਹੇ ‘ਚ ਪਾਕਿਸਤਾਨ ‘ਤੇ ਸਰਜੀਕਲ ਸਟ੍ਰਾਈਕ ਹੋਣੇ ਚਾਹੀਦੇ ਹਨ। ਉਨ੍ਹਾਂ ਪੁਲਿਸ ਦੀ ਤਾਰੀਫ਼ ਵੀ ਕੀਤੀ, ਪੰਜਾਬ ਪੁਲਿਸ ਵਧੀਆ ਕੰਮ ਕਰ ਰਹੀ ਹੈ। ਮੈਂ ਇਸ ਮੁੱਦੇ ‘ਤੇ ਲਗਾਤਾਰ ਕੇਂਦਰ ਸਰਕਾਰ ਦੇ ਸੰਪਰਕ ‘ਚ ਹਾਂ, ਅਸੀਂ ਯਕੀਨੀ ਤੌਰ ‘ਤੇ ਜਿੱਤਾਂਗੇ।
ਉਨ੍ਹਾਂ ਕਿਹਾ ਕਿ ਰਾਜਪਾਲ ਦੇ ਅਹੁਦੇ ਦੀ ਮਰਯਾਦਾ ਹੈ। ਕਿਸੇ ਦਾ ਕੋਈ ਸਿਆਸੀ ਮਕਸਦ ਹੋ ਸਕਦਾ ਹੈ। ਜੇਕਰ ਸਰਕਾਰ ਸੰਵਿਧਾਨ ਤੋਂ ਬਾਹਰ ਕੰਮ ਕਰਦੀ ਹੈ ਤਾਂ ਮੈਂ ਇਸ ਦਾ ਵਿਰੋਧ ਕਰਾਂਗਾ। ਪਾਕਿਸਤਾਨ ਨੂੰ ਸਬਕ ਸਿਖਾਉਣਾ ਚਾਹੀਦਾ ਹੈ। ਇਹ ਮੇਰੇ ਨਿੱਜੀ ਵਿਚਾਰ ਹਨ। ਇੱਕ ਜਾਂ ਦੋ ਸਰਜੀਕਲ ਸਟ੍ਰਾਈਕ ਹੋਣੇ ਚਾਹੀਦੇ ਹਨ। ਪੰਜਾਬ ਪੁਲਿਸ ਦੇ ਬਰਖ਼ਾਸਤ ਏਆਈਜੀ ਰਾਜਜੀਤ ਸਿੰਘ ਬਾਰੇ ਉਨ੍ਹਾਂ ਕਿਹਾ ਕਿ ਪੁਲਿਸ ਜਲਦੀ ਹੀ ਉਸ ਨੂੰ ਗ੍ਰਿਫ਼ਤਾਰ ਕਰ ਲਵੇਗੀ। ਅੰਮ੍ਰਿਤਸਰ ਜ਼ਿਲ੍ਹੇ ਵਿੱਚ ਨਸ਼ਿਆਂ ਦੀ ਗੰਭੀਰ ਸਮੱਸਿਆ ਹੈ। ਪੰਜਾਬ ਸਰਕਾਰ ਵੱਲੋਂ ਅੰਮ੍ਰਿਤਪਾਲ ਖਿਲਾਫ ਕੀਤੀ ਗਈ ਕਾਰਵਾਈ ਦੀ ਰਾਜਪਾਲ ਨੇ ਸ਼ਲਾਘਾ ਕੀਤੀ। ਪੁਲਿਸ ਅਤੇ ਸਰਕਾਰ ਨੇ ਇਸ ਮਾਮਲੇ ਵਿੱਚ ਜਿਸ ਤਰ੍ਹਾਂ ਦੀ ਕਾਰਵਾਈ ਕੀਤੀ ਹੈ ਉਹ ਸਹੀ ਹੈ। ਮੈਂ ਅਗਲੇ ਤਿੰਨ ਮਹੀਨਿਆਂ ਬਾਅਦ ਇਨ੍ਹਾਂ ਜ਼ਿਲ੍ਹਿਆਂ ਦਾ ਦੁਬਾਰਾ ਦੌਰਾ ਕਰਾਂਗਾ।