Canada

ਕੁਲਦੀਪ ਸਿੰਘ ਧਾਲੀਵਾਲ ਨੇ ਕੈਨੇਡਾ ਤੋਂ ਜਬਰੀ ਵਤਨ ਵਾਪਸੀ ਦਾ ਸਾਹਮਣਾ ਕਰ ਰਹੇ ਵਿਦਿਆਰਥੀਆਂ ਦਾ ਮਸਲਾ ਹੱਲ ਕਰਨ ਲਈ ਕੇਂਦਰ ਸਰਕਾਰ ਨੂੰ ਪੱਤਰ ਲਿਖਿਆ

ਚੰਡੀਗੜ੍ਹ, 06 ਜੂਨ 2023: ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮਿਲੇ ਨਿਰਦੇਸ਼ਾਂ ਤੋਂ ਬਾਅਦ ਪੰਜਾਬ ਦੇ ਐਨ.ਆਰ.ਆਈ ਮੰਤਰੀ ਕੁਲਦੀਪ ਸਿੰਘ ਧਾਲੀਵਾਲ (Kuldeep Singh Dhaliwal) ਨੇ ਕੈਨੇਡਾ ਤੋਂ ਜਬਰੀ ਵਤਨ ਵਾਪਸੀ ਦਾ ਸਾਹਮਣਾ ਕਰ ਰਹੇ 700 ਦੇ ਕਰੀਬ ਵਿਦਿਆਰਥੀਆਂ ਦਾ ਮਸਲਾ ਹੱਲ ਕਰਨ ਲਈ ਕੇਂਦਰੀ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੂੰ ਇਕ ਪੱਤਰ ਲਿਖਿਆ ਹੈ।

ਕਬਿਲੇਗੌਰ ਹੈ ਕਿ ਕਿਸੇ ਠੱਗ ਟਰੈਵਲ ਏਜੰਟ ਰਾਹੀਂ ਇਹ ਵਿਦਿਆਰਥੀ ਕੈਨੇਡਾ ਦੇ ਗਲਤ ਕਾਲਜਾਂ ਵਿਚ ਫਸੇ ਹੋਏ ਹਨ ਅਤੇ ਉਨ੍ਹਾਂ ਦੀ ਵਤਨ ਵਾਪਸੀ ਰੋਕਣ ਲਈ ਅਤੇ ਇਨ੍ਹਾਂ ਵਿਦਿਆਰਥੀਆਂ ਨੂੰ ਕੈਨੇਡਾ ਸਰਕਾਰ ਤੋਂ ਵਰਕ ਪਰਮਿਟ ਦਿਵਾਉਣ ਲਈ ਧਾਲੀਵਾਲ ਨੇ ਕੇਂਦਰ ਸਰਕਾਰ ਤੋਂ ਤੁਰੰਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

ਉਨ੍ਹਾਂ (Kuldeep Singh Dhaliwal) ਦੱਸਿਆ ਕਿ ਕੇਂਦਰੀ ਵਿਦੇਸ਼ ਮੰਤਰੀ ਨੂੰ ਲਿਖੇ ਪੱਤਰ ਵਿੱਚ ਮੈਂ ਉਨ੍ਹਾਂ ਕੋਲੋਂ ਮਿਲਣ ਲਈ ਸਮੇਂ ਦੀ ਮੰਗ ਵੀ ਕੀਤੀ ਹੈ ਤਾਂ ਜੋ ਸਾਰਾ ਮਾਮਲਾ ਨਿੱਜੀ ਤੌਰ ਉਤੇ ਕੇਂਦਰ ਸਰਕਾਰ ਦੇ ਧਿਆਨ ਵਿੱਚ ਲਿਆਂਦਾ ਜਾ ਸਕੇ। ਕੁਲਦੀਪ ਸਿੰਘ ਧਾਲੀਵਾਲ ਨੇ ਇਹ ਵੀ ਮੰਗ ਕੀਤੀ ਹੈ ਕਿ ਠੱਗ ਟਰੈਵਲ ਏਜੰਟ ਜੋ ਪੰਜਾਬ ਤੋਂ ਬਾਹਰ ਦਾ ਵਾਸੀ ਹੈ, ਨੂੰ ਸਖ਼ਤ ਸਜ਼ਾ ਦਿਵਾਉਣ ਲਈ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਪੰਜਾਬ ਸਰਕਾਰ ਦਾ ਸਾਥ ਦੇਣ।

ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਮਨੁੱਖੀ ਤਸਕਰੀ ਸਬੰਧੀ ਅਜਿਹੀਆਂ ਘਟਨਾਵਾਂ ਨਾ ਵਾਪਰਨ, ਇਸ ਲਈ ਦੇਸ਼ ਦੇ ਕਾਨੂੰਨ ਸਖਤ ਹੋਣੇ ਚਾਹੀਦੇ ਹਨ। ਉਨ੍ਹਾਂ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਕਿਸੇ ਦੇਸ਼ ਵਿਚ ਜਾਣ ਤੋਂ ਪਹਿਲਾਂ ਜਾਂ ਵਿਦਿਆਰਥੀਆਂ ਨੂੰ ਭੇਜਣ ਤੋਂ ਪਹਿਲਾਂ ਸਬੰਧਿਤ ਕਾਲਜ ਦੇ ਵੇਰਵੇ ਅਤੇ ਟਰੈਵਲ ਏਜੰਟ (ਜੇਕਰ ਕਿਸੇ ਏਜੰਟ ਰਾਹੀਂ ਜਾ ਰਹੇ ਹੋ) ਦਾ ਰਿਕਾਰਡ ਜ਼ਰੂਰ ਚੈਕ ਕਰਨ।

ਕੁਲਦੀਪ ਸਿੰਘ ਧਾਲੀਵਾਲ ਨੇ ਇਹ ਵੀ ਦੱਸਿਆ ਕਿ ਇੰਡੋਨੇਸ਼ੀਆ ਵਿਚ ਫਾਂਸੀ ਦੀ ਸਜ਼ਾ ਪ੍ਰਾਪਤ ਨੌਜਵਾਨਾਂ ਦਾ ਕੇਸ 26 ਜੂਨ ਤੋਂ ਮੁੜ ਸ਼ੁਰੂ ਹੋ ਰਿਹਾ ਹੈ ਅਤੇ ਆਸ ਹੈ ਕਿ ਇਸ ਕੇਸ ਵਿਚੋਂ ਦੋਵੇਂ ਨੌਜਵਾਨ ਬਰੀ ਹੋਣਗੇ। ਉਨ੍ਹਾਂ ਦੱਸਿਆ ਕਿ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਇਸ ਸਬੰਧੀ ਸੂਚਨਾ ਬੀਤੇ ਦਿਨੀਂ ਸਾਡੇ ਨਾਲ ਸਾਂਝੀ ਕੀਤੀ ਸੀ ।

Scroll to Top