ਚੰਡੀਗੜ੍ਹ, 23 ਮਈ 2023: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਿਡਨੀ ਦੇ ਕੁਡੋਸ ਬੈਂਕ ਅਰੇਨਾ (Qudos Bank Arena) ਪਹੁੰਚ ਗਏ ਹਨ | ਇਸ ਦੌਰਾਨ ਵੈਦਿਕ ਮੰਤਰਾਂ ਨਾਲ ਪ੍ਰਧਾਨ ਮੰਤਰੀ ਮੋਦੀ ਦਾ ਸਵਾਗਤ ਕੀਤਾ ਗਿਆ ਹੈ। ਉਨ੍ਹਾਂ ਦੇ ਨਾਲ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਵੀ ਮੌਜੂਦ ਹਨ। ਇੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਰਵਾਇਤੀ ਤਰੀਕੇ ਨਾਲ ਸਵਾਗਤ ਕੀਤਾ ਗਿਆ। ਕੁਝ ਹੀ ਸਮੇਂ ‘ਚ ਉਹ ਭਾਰਤੀ ਮੂਲ ਦੇ 20 ਹਜ਼ਾਰ ਤੋਂ ਵੱਧ ਲੋਕਾਂ ਨੂੰ ਸੰਬੋਧਨ ਕਰਨਗੇ। ਇਸ ਪ੍ਰੋਗਰਾਮ ਲਈ ਲੋਕਾਂ ਨੂੰ ਰੇਲ ਗੱਡੀਆਂ ਅਤੇ ਪ੍ਰਾਈਵੇਟ ਚਾਰਟਰਾਂ ਰਾਹੀਂ ਸਿਡਨੀ ਲਿਆਂਦਾ ਗਿਆ ਹੈ, ਜਿਨ੍ਹਾਂ ਦਾ ਨਾਂ ਮੋਦੀ ਏਅਰਵੇਜ਼ ਅਤੇ ਮੋਦੀ ਐਕਸਪ੍ਰੈਸ ਰੱਖਿਆ ਗਿਆ ਹੈ।
ਪ੍ਰਧਾਨ ਮੰਤਰੀ ਦੇ ਸੰਬੋਧਨ ਤੋਂ ਪਹਿਲਾਂ ਓਲੰਪਿਕ ਪਾਰਕ ‘ਚ ਕਈ ਸੱਭਿਆਚਾਰਕ ਪ੍ਰੋਗਰਾਮ ਆਯੋਜਿਤ ਕੀਤੇ ਗਏ। ਮੋਦੀ ਦੀ ਆਸਟ੍ਰੇਲੀਆ ‘ਚ ਮੌਜੂਦਗੀ ਦੌਰਾਨ ਹੈਰਿਸ ਪਾਰਕ ਇਲਾਕੇ ਦਾ ਨਾਂ ‘ਲਿਟਲ ਇੰਡੀਆ’ ਰੱਖਿਆ ਜਾਵੇਗਾ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਸਟ੍ਰੇਲੀਆ ਦੇ ਦੌਰੇ ‘ਤੇ ਹਨ। ਇੱਥੇ ਉਨ੍ਹਾਂ ਨੇ ਕਈ ਕੰਪਨੀਆਂ ਦੇ ਸੀਈਓਜ਼ ਨਾਲ ਗੱਲਬਾਤ ਕੀਤੀ। ਇਨ੍ਹਾਂ ਵਿੱਚ ਆਸਟ੍ਰੇਲੀਆ ਸੁਪਰ ਦੇ ਸੀਈਓ ਪਾਲ ਸ਼ਰੋਡਰ, ਫੋਰਟਸਕਿਊ ਫਿਊਚਰ ਇੰਡਸਟਰੀਜ਼ ਦੇ ਕਾਰਜਕਾਰੀ ਚੇਅਰਮੈਨ ਡਾ. ਐਂਡਰਿਊ ਫੋਰੈਸਟ ਅਤੇ ਹੈਨਕੌਕ ਪ੍ਰਾਸਪੈਕਟਿੰਗ ਦੇ ਕਾਰਜਕਾਰੀ ਚੇਅਰਮੈਨ ਜੀਨਾ ਰਿਨਹਾਰਟ ਸ਼ਾਮਲ ਸਨ। ਪੀਐਮ ਮੋਦੀ ਨੇ ਆਸਟਰੇਲੀਆ ਦੇ ਉਦਯੋਗਪਤੀਆਂ ਨੂੰ ਭਾਰਤ ਵਿੱਚ ਨਿਵੇਸ਼ ਕਰਨ ਦਾ ਸੱਦਾ ਦਿੱਤਾ।
ਇਸ ਤੋਂ ਪਹਿਲਾਂ ਸੋਮਵਾਰ ਨੂੰ ਇਕ ਆਸਟ੍ਰੇਲੀਆਈ ਅਖਬਾਰ ਨੂੰ ਦਿੱਤੇ ਇੰਟਰਵਿਊ ‘ਚ ਪੀਐੱਮ ਮੋਦੀ ਨੇ ਕਿਹਾ ਕਿ ਉਹ ਭਾਰਤ-ਆਸਟ੍ਰੇਲੀਆ ਸਬੰਧਾਂ ਨੂੰ ਅਗਲੇ ਪੱਧਰ ‘ਤੇ ਲਿਜਾਣਾ ਚਾਹੁੰਦੇ ਹਨ। ਇਸ ਵਿੱਚ ਭਾਰਤ-ਪ੍ਰਸ਼ਾਂਤ ਖੇਤਰ ਵਿੱਚ ਸੁਧਾਰ ਲਈ ਰੱਖਿਆ ਅਤੇ ਸੁਰੱਖਿਆ ਸਬੰਧ ਸ਼ਾਮਲ ਹਨ।
ਪੀਐਮ ਮੋਦੀ ਦੀ ਇਹ ਦੂਜੀ ਆਸਟ੍ਰੇਲੀਆ ਯਾਤਰਾ ਹੈ। ਇਸ ਤੋਂ ਪਹਿਲਾਂ ਉਹ 2014 ‘ਚ ਸਿਡਨੀ ਗਏ ਸਨ। ਮੋਦੀ ਦੇ ਸ਼ੁਰੂਆਤੀ ਪ੍ਰੋਗਰਾਮ ਮੁਤਾਬਕ ਉਨ੍ਹਾਂ ਨੇ ਕਵਾਡ ਮੀਟਿੰਗ ਲਈ ਆਸਟ੍ਰੇਲੀਆ ਜਾਣਾ ਸੀ। ਹਾਲਾਂਕਿ ਅਮਰੀਕਾ ‘ਚ ਚੱਲ ਰਹੀ ਕਰਜ਼ੇ ਦੀ ਸਮੱਸਿਆ ਦੇ ਚੱਲਦੇ ਜੀ-7 ਸੰਮੇਲਨ ਦੌਰਾਨ ਜਾਪਾਨ ‘ਚ ਬੈਠਕ ਹੋਈ। ਇਸ ਦੇ ਬਾਵਜੂਦ ਪੀਐਮ ਨੇ ਆਸਟ੍ਰੇਲੀਆ ਦਾ ਦੌਰਾ ਰੱਦ ਨਹੀਂ ਕੀਤਾ।