Dr. Baljit Kaur

ਮੋਹਾਲੀ ਵਿਖੇ ਜਲਦ ਬਣੇਗੀ ਸਮਾਜਿਕ ਨਿਆਂ ਵਿਭਾਗ ਇਮਾਰਤ-ਕਮ-ਸੰਮੇਲਨ ਸੈਂਟਰ : ਡਾ. ਬਲਜੀਤ ਕੌਰ

ਚੰਡੀਗੜ੍ਹ, 23 ਮਈ 2023: ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਵਿਕਾਸ ਅਤੇ ਤਰੱਕੀ ਲਈ ਲਗਾਤਾਰ ਯਤਨਸ਼ੀਲ ਹੈ। ਇਸੇ ਮੰਤਵ ਦੀ ਪੂਰਤੀ ਲਈ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਮੰਤਰੀ ਡਾ. ਬਲਜੀਤ ਕੌਰ (Dr. Baljit Kaur) ਦੀ ਪ੍ਰਧਾਨਗੀ ਹੇਠ ਸੋਮਵਾਰ ਚੰਡੀਗੜ੍ਹ ਵਿਖੇ ਪੰਜਾਬ ਸਿਵਲ ਸਕੱਤਰੇਤ-1 ਵਿੱਚ ਮੋਹਾਲੀ ਵਿਖੇ ਸਮਾਜਿਕ ਨਿਆਂ ਵਿਭਾਗ ਇਮਾਰਤ-ਕਮ-ਸੰਮੇਲਨ ਸੈਂਟਰ ਬਣਾਉਣ ਸਬੰਧੀ ਮੀਟਿੰਗ ਹੋਈ।

ਕੈਬਨਿਟ ਮੰਤਰੀ ਨੇ ਵਧੇਰੇ ਜਾਣਕਾਰੀ ਦਿੰਦਿਆ ਦੱਸਿਆ ਕਿ ਮੀਟਿੰਗ ਦੌਰਾਨ ਮੁਹਾਲੀ ਵਿੱਚ ਸਮਾਜਿਕ ਨਿਆਂ ਵਿਭਾਗ ਇਮਾਰਤ-ਕਮ-ਕਨਵੈਨਸ਼ਨ ਸੈਂਟਰ ਦੀ ਉਸਾਰੀ ਸਮੇਤ ਵੱਖ-ਵੱਖ ਅਹਿਮ ਪਹਿਲਕਦਮੀਆਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਇਹ ਇਮਾਰਤ ਪ੍ਰਸ਼ਾਸਨਿਕ ਗਤੀਵਿਧੀਆਂ ਅਤੇ ਸੰਮੇਲਨ ਸਮਾਗਮਾਂ ਲਈ ਇੱਕ ਕੇਂਦਰ ਬਿੰਦੂ ਵਜੋਂ ਕੰਮ ਕਰੇਗੀ, ਜੋ ਕਿ ਸੂਬੇ ਦੇ ਸਮੁੱਚੇ ਵਿਕਾਸ ਅਤੇ ਤਰੱਕੀ ਵਿੱਚ ਯੋਗਦਾਨ ਪਾਵੇਗੀ।

ਮੰਤਰੀ (Dr. Baljit Kaur) ਨੇ ਅੱਗੇ ਦੱਸਿਆ ਕਿ ਡਾਇਰੈਕਟਰ ਸਮਾਜਿਕ ਨਿਆਂ, ਡਾਇਰੈਕਟਰ ਐਸ.ਸੀ.ਐਸ.ਪੀ., ਐਸ.ਸੀ ਕਾਰਪੋਰੇਸ਼ਨ, ਬੀ.ਸੀ. ਕਾਰਪੋਰੇਸ਼ਨ, ਐਸ.ਸੀ. ਕਮਿਸ਼ਨ, ਬੀ.ਸੀ. ਕਮਿਸ਼ਨ, ਪੰਜਾਬ ਰਾਜ ਸਫਾਈ ਕਰਮਚਾਰੀ ਕਮਿਸ਼ਨ ਦੀ ਦਫਤਰੀ ਬਿਲਡਿੰਗ ਦੀ ਉਸਾਰੀ ਅਤੇ ਦਫ਼ਤਰਾਂ ਦੇ ਨਾਲ ਸੰਮੇਲਨ ਕੇਂਦਰ ਬਣਾਉਣ ਦੀ ਤਜਵੀਜ਼ ਹੈ। ਜਿਸ ਵਿੱਚ ਡਾ.ਬੀ.ਆਰ.ਅੰਬੇਦਕਰ ਦਾ ਵੱਡਾ ਬੁੱਤ, ਮਿਊਜੀਅਮ, ਕਾਨਫਰੰਸ ਹਾਲ, ਆਡੀਟੋਰੀਅਮ, ਲਾਇਬ੍ਰੇਰੀ, ਕੰਨਟੀਨ ਅਤੇ ਗੈਸਟ ਹਾਊਸ ਆਦਿ ਸ਼ਾਮਲ ਹੋਣਗੇ।

ਮੰਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਦਾ ਉਦੇਸ਼ ਤਰੱਕੀ, ਸਸ਼ਕਤੀਕਰਨ ਅਤੇ ਸਮਾਜਿਕ ਨਿਆਂ ਲਈ ਅਨੁਕੂਲ ਮਾਹੌਲ ਪੈਦਾ ਕਰਨਾ ਹੈ। ਇਹ ਪਹਿਲਕਦਮੀਆਂ ਸਮਾਜ ਦੇ ਹਾਸ਼ੀਏ ‘ਤੇ ਪਏ ਵਰਗਾਂ ਨੂੰ ਉੱਚਾ ਚੁੱਕਣ ਅਤੇ ਸਮਾਨਤਾ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਦੀ ਅਟੁੱਟ ਵਚਨਬੱਧਤਾ ਨੂੰ ਦਰਸਾਉਂਦਾ ਹੈ। ਮੋਹਾਲੀ ਵਿੱਚ ਬਣਨ ਵਾਲੀ ਸਮਾਜਿਕ ਨਿਆਂ ਵਿਭਾਗ ਇਮਾਰਤ-ਕਮ-ਕਨਵੈਨਸ਼ਨ ਸੈਂਟਰ ਇਨ੍ਹਾਂ ਉਦੇਸ਼ਾਂ ਦੀ ਪ੍ਰਾਪਤੀ ਵੱਲ ਇੱਕ ਹੋਰ ਮਹੱਤਵਪੂਰਨ ਕਦਮ ਦਰਸਾਉਂਦਾ ਹੈ।

ਇਸ ਮੌਕੇ ਵਧੀਕ ਮੁੱਖ ਸਕੱਤਰ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਰਮੇਸ ਕੁਮਾਰ ਗੈਂਟਾ, ਡਾਇਰੈਕਟਰ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ ਦਵਿੰਦਰ ਸਿੰਘ, ਡਾਇਰੈਕਟਰ-ਕਮ-ਸੰਯੁਕਤ ਸਕੱਤਰ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ ਰਾਜ ਬਹਾਦਰ ਸਿੰਘ, ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਵਿਭਾਗ ਗਮਾਡਾ ਤੋਂ ਏ.ਐਸ.ਟਿਵਾਣਾ ਅਤੇ ਸੀਨੀਅਰ ਆਰਕੀਟੈਕਟ ਸਰੋਜ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

Scroll to Top