ਚੰਡੀਗੜ੍ਹ, 19 ਮਈ 2023: ਅੰਤਰਰਾਸ਼ਟਰੀ ਕ੍ਰਿਕਟ ਦੇ ਸੁਪਰਸਟਾਰ ਵਿਰਾਟ ਕੋਹਲੀ (Virat Kohli) ਨੇ 4 ਸਾਲ 29 ਦਿਨਾਂ ਬਾਅਦ ਆਈਪੀਐਲ ਸੈਂਕੜਾ ਲਗਾ ਕੇ 8 ਮਹੀਨਿਆਂ ਵਿੱਚ ਕ੍ਰਿਕਟ ਦੇ ਹਰ ਫਾਰਮੈਟ ਅਤੇ ਟੂਰਨਾਮੈਂਟ ਵਿੱਚ ਵਾਪਸੀ ਕੀਤੀ। 2019 ਵਿੱਚ 70ਵੇਂ ਅੰਤਰਰਾਸ਼ਟਰੀ ਸੈਂਕੜੇ ਤੋਂ ਬਾਅਦ ਸਤੰਬਰ 2022 ਤੱਕ ਵਿਰਾਟ ਦੇ ਬੱਲੇ ਤੋਂ ਕੋਈ ਸੈਂਕੜਾ ਨਹੀਂ ਆਇਆ। ਵਿਰਾਟ ਕੋਹਲੀ ਨੇ ਹੈਦਰਾਬਾਦ ਦੇ ਖਿਲਾਫ 63 ਗੇਂਦਾਂ ਵਿੱਚ 100 ਦੌੜਾਂ ਬਣਾਈਆਂ | 4 ਸਾਲ ਬਾਅਦ ਵਿਰਾਟ ਕੋਹਲੀ ਦੇ ਸੈਂਕੜੇ ਦੀ ਮਦਦ ਨਾਲ ਰਾਇਲ ਚੈਲੰਜਰਜ਼ ਬੈਂਗਲੁਰੂ (ਆਰਸੀਬੀ) ਨੇ ਸਨਰਾਈਜ਼ਰਜ਼ ਹੈਦਰਾਬਾਦ ਨੂੰ 8 ਵਿਕਟਾਂ ਨਾਲ ਹਰਾਇਆ।
ਵਿਰਾਟ (Virat Kohli) ਅਰਧ ਸੈਂਕੜਾ ਦਾ ਅੰਕੜਾ ਪਾਰ ਕਰਨ ‘ਚ ਕਾਮਯਾਬ ਰਹੇ, ਪਰ ਸੈਂਕੜਾ ਨਹੀਂ ਲਗਾ ਸਕੇ ਸਨ। ਕੋਹਲੀ ਨੇ ਫਿਰ 8 ਸਤੰਬਰ 2022 ਨੂੰ ਟੀ-20 ਏਸ਼ੀਆ ਕੱਪ ਵਿੱਚ ਅਫਗਾਨਿਸਤਾਨ ਵਿਰੁੱਧ 122 ਦੌੜਾਂ ਦੀ ਅਜੇਤੂ ਪਾਰੀ ਖੇਡੀ। ਇੱਥੋਂ ਹੀ ਅੰਤਰਰਾਸ਼ਟਰੀ ਕ੍ਰਿਕਟ ਦੀ ਸਭ ਤੋਂ ਵੱਡੀ ਵਾਪਸੀ ਦੀ ਕਹਾਣੀ ਸ਼ੁਰੂ ਹੋਈ।
ਇਸ ਤੋਂ ਬਾਅਦ ਟੀ-20, ਵਨਡੇ ਅਤੇ ਟੈਸਟ ‘ਚ ਸੈਂਕੜਿਆਂ ਦੇ ਨਾਲ ਹੀ ਉਸ ਨੇ ਆਈ.ਪੀ.ਐੱਲ ‘ਚ ਸੈਂਕੜਿਆਂ ਦਾ ਸੋਕਾ ਵੀ ਖਤਮ ਕਰ ਦਿੱਤਾ। ਵਿਰਾਟ ਕੋਹਲੀ ਨੇ SRH ਦੇ ਖਿਲਾਫ ਆਪਣੇ ਸੈਂਕੜੇ ‘ਚ ਸਿਰਫ 4 ਛੱਕੇ ਲਗਾਏ, ਜਿਸ ‘ਤੇ ਉਸ ਨੇ ਮੈਚ ਤੋਂ ਬਾਅਦ ਕਿਹਾ ਕਿ ਉਹ ਵਿਸ਼ਵ ਟੈਸਟ ਚੈਂਪੀਅਨਸ਼ਿਪ ‘ਤੇ ਵੀ ਧਿਆਨ ਦੇ ਰਿਹਾ ਹੈ। ਇਸ ਲਈ ਉਹ ਟਾਈਮਿੰਗ ਦੇ ਨਾਲ ਚੌਕੇ ਮਾਰਨ ‘ਤੇ ਜ਼ਿਆਦਾ ਧਿਆਨ ਦੇ ਰਿਹਾ ਹੈ।