ਅਨੰਦਪੁਰ ਸਾਹਿਬ, 17 ਮਈ 2023: ਅੱਜ ਸਵੇਰ ਤੋਂ ਹੀ ਐੱਨ.ਆਈ.ਏ (NIA) ਦੀ ਟੀਮ ਨੇ ਸੂਬੇ ਵਿੱਚ ਕਈ ਥਾਵਾਂ ‘ਤੇ ਛਾਪੇਮਾਰੀ ਕੀਤੀ ਹੈ ਅਤੇ ਐੱਨ.ਆਈ.ਏ ਦੀ ਟੀਮ ਨੇ ਗੈਂਗਸਟਰ ਦਿਲਪ੍ਰੀਤ ਬਾਬਾ (Gangster Dilpreet Baba) ਦੇ ਘਰ ਵੀ ਛਾਪੇਮਾਰੀ ਕੀਤੀ ਹੈ। ਇਸ ਦੇ ਨਾਲ ਹੀ ਸ੍ਰੀ ਅਨੰਦਪੁਰ ਸਾਹਿਬ ਦੇ ਪਿੰਡ ਲੋਧੀਪੁਰ ਵਿੱਚ ਜਗਰੂਪ ਸਿੰਘ ਰੂਪ ਦੇ ਘਰ ਵੀ ਸਵੇਰੇ 6 ਵਜੇ ਛਾਪਾ ਮਾਰਿਆ ਗਿਆ ਅਤੇ ਪੂਰੇ ਘਰ ਦੀ ਤਲਾਸ਼ੀ ਲਈ ਗਈ। ਦੂਜੇ ਪਾਸੇ ਜਗਰੂਪ ਸਿੰਘ ਰੂਪ ਦੇ ਪਿਤਾ ਸੁੱਚਾ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ 8 ਸਾਲ ਪਹਿਲਾਂ ਆਪਣੇ ਲੜਕੇ ਜਗਰੂਪ ਸਿੰਘ ਨੂੰ ਘਰੋਂ ਕੱਢ ਦਿੱਤਾ ਸੀ ਅਤੇ ਹੁਣ ਉਨ੍ਹਾਂ ਦਾ ਜਗਰੂਪ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।
ਸੁੱਚਾ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਪੂਰਾ ਪਰਿਵਾਰ ਵਾਰ-ਵਾਰ ਛਾਪੇਮਾਰੀ ਤੋਂ ਪ੍ਰੇਸ਼ਾਨ ਹੈ, ਇਸ ਲਈ ਉਹ ਸਰਕਾਰ ਨੂੰ ਅਜਿਹੇ ਛਾਪੇ ਬੰਦ ਕਰਨ ਦੀ ਅਪੀਲ ਕਰਦਾ ਹੈ। ਸੁੱਚਾ ਸਿੰਘ ਨੇ ਕਿਹਾ ਕਿ ਮੈਂ ਅਤੇ ਮੇਰੀ ਪਤਨੀ ਦੋਵੇਂ ਮਰੀਜ਼ ਹਾਂ ਅਤੇ ਸਾਡਾ ਪਰਿਵਾਰ ਗੁਰਸਿੱਖ ਹੈ ਅਤੇ ਪੁਲਿਸ ਦੀ ਇਸ ਤਰ੍ਹਾਂ ਦੀ ਕਾਰਵਾਈ ਸਾਡੇ ਅੰਦਰ ਡਰ ਅਤੇ ਸਹਿਮ ਪੈਦਾ ਕਰਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਸਦੇ ਲੜਕੇ ਜਗਰੂਪ ਸਿੰਘ ਅਤੇ ਸ਼੍ਰੀ ਅਨੰਦਪੁਰ ਸਾਹਿਬ ਦੇ ਖਿਲਾਫ ਕੋਈ ਮਾਮਲਾ ਦਰਜ ਨਹੀਂ ਹੈ, ਫਿਰ ਵੀ ਉਸਨੂੰ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਹੈ।
ਦੂਜੇ ਪਾਸੇ ਰੂਪਨਗਰ ਜ਼ਿਲ੍ਹੇ ਦੇ ਐਸਐਸਪੀ ਵਿਵੇਕਸ਼ੀਲ ਸੋਨੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰੂਪਨਗਰ ਜ਼ਿਲ੍ਹੇ ਵਿੱਚ ਪੰਜਾਬ ਪੁਲਿਸ ਅਤੇ ਐੱਨ.ਆਈ.ਏ ਨੇ ਮਿਲ ਕੇ 6 ਥਾਵਾਂ ’ਤੇ ਛਾਪੇਮਾਰੀ ਕੀਤੀ ਹੈ ਅਤੇ ਪੰਜਾਬ ਪੁਲਿਸ ਨੇ ਇਕੱਲੇ ਹੀ 6 ਥਾਵਾਂ ’ਤੇ ਛਾਪੇਮਾਰੀ ਕੀਤੀ ਹੈ। ਉਨ੍ਹਾਂ ਕਿਹਾ ਕਿ ਸ਼ਾਮ ਤੱਕ ਇਨ੍ਹਾਂ ਛਾਪਿਆਂ ਸਬੰਧੀ ਸਾਰੀ ਜਾਣਕਾਰੀ ਸਾਂਝੀ ਕਰ ਦਿੱਤੀ ਜਾਵੇਗੀ।