July 2, 2024 9:15 pm
Ludhiana

ਲੁਧਿਆਣਾ ‘ਚ ਤੇਜ਼ ਰਫ਼ਤਾਰ ਟਿੱਪਰ ਨੇ 13 ਸਾਲਾ ਸਕੂਲੀ ਵਿਦਿਆਰਥੀ ਨੂੰ ਦਰੜਿਆ, ਮੌਕੇ ‘ਤੇ ਹੋਈ ਮੌਤ

ਲੁਧਿਆਣਾ, 17 ਮਈ 2023: ਪੰਜਾਬ ਦੇ ਲੁਧਿਆਣਾ (Ludhiana) ਜ਼ਿਲ੍ਹੇ ਵਿੱਚ ਅੱਜ ਸਵੇਰੇ ਇੱਕ ਸੜਕ ਹਾਦਸੇ ਵਿੱਚ 13 ਸਾਲਾ ਸਕੂਲੀ ਵਿਦਿਆਰਥੀ ਦੀ ਮੌਤ ਹੋ ਗਈ। ਵਿਦਿਆਰਥੀ ਕੈਲਾਸ਼ ਨਗਰ ਦੇ ਇੱਕ ਸਰਕਾਰੀ ਸਕੂਲ ਵਿੱਚ ਪੜ੍ਹਦਾ ਸੀ। ਜ਼ਿਆਦਾ ਗਰਮੀ ਕਾਰਨ ਉਸ ਦੀ ਸਿਹਤ ਠੀਕ ਨਹੀਂ ਸੀ, ਜਿਸ ਕਾਰਨ ਉਸ ਨੂੰ ਸਕੂਲ ਤੋਂ ਦੋ ਦਿਨ ਦੀ ਛੁੱਟੀ ਸੀ। ਅੱਜ ਉਹ ਸਵੇਰੇ ਆਪਣੇ ਸਾਈਕਲ ’ਤੇ ਸਕੂਲ ਤੋਂ ਵਾਪਸ ਜਾ ਰਿਹਾ ਸੀ ਕਿ ਅਚਾਨਕ ਤੇਜ਼ ਰਫ਼ਤਾਰ ਟਿੱਪਰ ਚਾਲਕ ਨੇ ਉਸ ਨੂੰ ਦਰੜ ਦਿੱਤਾ। ਵਿਦਿਆਰਥੀ ਨੂੰ ਖੂਨ ਨਾਲ ਲੱਥਪੱਥ ਸੜਕ ‘ਤੇ ਪਿਆ ਦੇਖ ਕੇ ਟਿੱਪਰ ਚਾਲਕ ਗੱਡੀ ਭਜਾ ਕੇ ਲੈ ਗਿਆ। ਕੁਝ ਦੂਰ ਜਾ ਕੇ ਮੁਲਜ਼ਮ ਟਿੱਪਰ ਸੜਕ ਕਿਨਾਰੇ ਖੜ੍ਹਾ ਕਰਕੇ ਫ਼ਰਾਰ ਹੋ ਗਏ। ਘਟਨਾ ਵਾਲੀ ਥਾਂ ‘ਤੇ ਲੋਕ ਇਕੱਠੇ ਹੋ ਗਏ। ਲੋਕਾਂ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ।

ਮੌਕੇ ‘ਤੇ ਪਹੁੰਚੀ ਪੁਲਸ ਨੇ ਵਿਦਿਆਰਥੀ ਦੀ ਪਛਾਣ ਕਰਕੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਮੌਕੇ ‘ਤੇ ਬੁਲਾਇਆ। ਮਰਨ ਵਾਲੇ ਵਿਦਿਆਰਥੀ ਦੀ ਪਛਾਣ ਸ਼ਿਵਮ ਵਜੋਂ ਹੋਈ ਹੈ। ਸ਼ਿਵਮ ਦੇ ਪਿਤਾ ਵਿਕਾਸ ਕੁਮਾਰ ਨੇ ਦੱਸਿਆ ਕਿ ਉਹ ਗਹਿਲੇਵਾਲ ਦਾ ਰਹਿਣ ਵਾਲਾ ਹੈ। ਸ਼ਿਵਮ ਪਰਿਵਾਰ ਦਾ ਇਕਲੌਤਾ ਪੁੱਤਰ ਹੈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਸਿਵਲ ਹਸਪਤਾਲ ਦੀ ਮੋਰਚਰੀ ‘ਚ ਰਖਵਾ ਦਿੱਤਾ ਹੈ। ਇਲਾਕੇ ਦੇ ਲੋਕਾਂ ਦਾ ਦੋਸ਼ ਹੈ ਕਿ ਇਸ ਸੜਕ ‘ਤੇ ਅਕਸਰ ਟਿੱਪਰ ਚਾਲਕ ਤੇਜ਼ ਰਫ਼ਤਾਰ ਨਾਲ ਵਾਹਨ ਚਲਾਉਂਦੇ ਹਨ। ਪਹਿਲਾਂ ਵੀ ਕਈ ਲੋਕ ਹਾਦਸਿਆਂ ਦਾ ਸ਼ਿਕਾਰ ਹੋ ਚੁੱਕੇ ਹਨ। ਪੁਲੀਸ ਨੇ ਮੁਲਜ਼ਮ ਟਿੱਪਰ ਚਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।