Sri Darbar Sahib

ਸ੍ਰੀ ਦਰਬਾਰ ਸਾਹਿਬ ਨਜ਼ਦੀਕ ਹੋਰ ਲੱਗਣਗੇ ਸੀਸੀਟੀਵੀ ਕੈਮਰੇ: ਡੀਸੀਪੀ ਪਰਮਿੰਦਰ ਸਿੰਘ ਭੰਡਾਲ

ਅੰਮ੍ਰਿਤਸਰ 15 ਮਈ 2023: ਪਿਛਲੇ ਕੁਝ ਦਿਨ ਪਹਿਲਾਂ ਸ੍ਰੀ ਦਰਬਾਰ ਸਾਹਿਬ (Sri Darbar Sahib) ਨਜ਼ਦੀਕ ਵਾਪਰੇ ਤਿੰਨ ਧਮਾਕਿਆਂ ਤੋਂ ਬਾਅਦ ਲਗਾਤਾਰ ਹੀ ਹੁਣ ਪੰਜਾਬ ਪੁਲਿਸ ਹਰਕਤ ਵਿੱਚ ਨਜ਼ਰ ਆ ਰਹੀ ਹੈ ਅਤੇ ਪੁਲਿਸ ਵੱਲੋਂ ਦਰਬਾਰ ਸਾਹਿਬ ਨਜ਼ਦੀਕ ਇਲਾਕਿਆਂ ਵਿੱਚ ਫਲੈਗ ਮਾਰਚ ਕੀਤੇ ਜਾ ਰਹੇ ਹਨ ਅਤੇ ਨਾਕੇਬੰਦੀ ਵਧਾ ਕੇ ਹਰ ਸ਼ੱਕੀ ਵਿਅਕਤੀ ਦੀ ਚੈਕਿੰਗ ਕੀਤੀ ਜਾ ਰਹੀ ਹੈ

ਦੂਜੇ ਪਾਸੇ ਅੱਜ ਡੀਸੀਪੀ ਪਰਮਿੰਦਰ ਸਿੰਘ ਭੰਡਾਲ ਤੇ ਪੁਲਿਸ ਦੇ ਆਲਾ ਅਧਿਕਾਰੀਆਂ ਵੱਲੋਂ ਸ੍ਰੀ ਦਰਬਾਰ ਸਾਹਿਬ (Sri Darbar Sahib) ਦੇ ਸੂਚਨਾ ਵਿਭਾਗ ਦਫ਼ਤਰ ‘ਚ ਐਸਜੀਪੀਸੀ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ ਹੈ | ਸ੍ਰੀ ਦਰਬਾਰ ਸਾਹਿਬ ਨਜ਼ਦੀਕ ਮੁੜ ਦੁਬਾਰਾ ਅਜਿਹੀ ਘਟਨਾ ਨਾ ਵਾਪਰੇ ਨੂੰ ਲੈ ਕੇ ਵਿਚਾਰ-ਵਟਾਂਦਰਾ ਵੀ ਕੀਤਾ ਗਿਆ |

ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੀਸੀਪੀ ਭੰਡਾਲ ਨੇ ਕਿਹਾ ਕਿ ਉਹਨਾਂ ਵੱਲੋਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਨਜ਼ਦੀਕ ਹੋਰ ਵੀ ਜ਼ਿਆਦਾ ਸੀਸੀਟੀਵੀ ਕੈਮਰੇ ਲਗਵਾਏ ਜਾ ਰਹੇ ਹਨ, ਤਾਂ ਜੋ ਕਿ ਦੁਬਾਰਾ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ | ਇਸਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਜੋ ਪਟਿਆਲਾ ਵਿਖੇ ਮੰਦਭਾਗੀ ਘਟਨਾ ਸਾਹਮਣੇ ਆਈ ਹੈ ਉਸ ਨੂੰ ਲੈ ਕੇ ਵੀ ਐਸਜੀਪੀਸੀ ਨਾਲ ਮੀਟਿੰਗ ਕੀਤੀ ਗਈ ਹੈ ਅਤੇ ਅਜਿਹੀ ਘਟਨਾ ਦਰਬਾਰ ਸਾਹਿਬ ਨਾ ਹੋਵੇ ਉਸ ਨੂੰ ਲੈ ਕੇ ਦਰਬਾਰ ਸਾਹਿਬ ਦੇ ਇਰਦ ਗਿਰਦ ਸਕੈਨਰ ਵੀ ਲਗਾਏ ਜਾ ਰਹੇ ਹਨ |

ਡੀਸੀਪੀ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਨੂੰ ਵੀ ਕੋਈ ਸ਼ੱਕੀ ਵਿਅਕਤੀ ਦਿਖਾਈ ਦਿੰਦਾ ਹੈ ਤਾਂ ਉਸ ਦੀ ਸੂਚਨਾ ਪੁਲਿਸ ਨੂੰ ਜਰੂਰ ਦੇਵੇ | ਜ਼ਿਕਰਯੋਗ ਹੈ ਕਿ 6 ਮਈ ਤੋਂ 11 ਮਈ ਤੱਕ ਸ੍ਰੀ ਦਰਬਾਰ ਸਾਹਿਬ ਨਜ਼ਦੀਕ ਹੋਏ ਬੰਬ ਧਮਾਕਿਆਂ ਤੋਂ ਬਾਅਦ ਲੋਕਾਂ ਦੇ ਮਨਾਂ ਚ ਦਹਿਸ਼ਤ ਜ਼ਰੂਰ ਦੇਖਣ ਨੂੰ ਮਿਲੀ ਸੀ ਅਤੇ SGPC ਦੇ ਸਹਿਯੋਗ ਨਾਲ ਪੁਲਿਸ ਵੱਲੋ 5 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਸੀ |

Scroll to Top