Electricity Rates

ਪੰਜਾਬ ’ਚ ਬਿਜਲੀ ਦਰਾਂ ‘ਚ ਹੋਇਆ ਵਾਧਾ, CM ਭਗਵੰਤ ਮਾਨ ਨੇ ਕਿਹਾ- ਆਮ ਲੋਕਾਂ ‘ਤੇ ਕੋਈ ਬੋਝ ਨਹੀਂ ਪਵੇਗਾ

ਚੰਡੀਗੜ੍ਹ, 15 ਮਈ 2023: ਪੰਜਾਬ ਵਿਚ ਬਿਜਲੀ ਦਰਾਂ (Electricity Rates) ਵਿਚ ਵਾਧਾ ਕੀਤਾ ਗਿਆ ਹੈ। ਇਸ ਸੰਬੰਧੀ ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਨੇ ਹੁਕਮ ਜਾਰੀ ਕੀਤੇ ਹਨ । ਹਾਲਾਂਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਕਹਿਣਾ ਹੈ ਕਿ ਬਿਜਲੀ ਦੀਆਂ ਦਰਾਂ ਚ ਵਾਧੇ ਦਾ ਖ਼ਰਚਾ ਪੰਜਾਬ ਸਰਕਾਰ ਦੇਵੇਗੀ | ਇਸ ਦਾ ਆਮ ਲੋਕਾਂ ‘ਤੇ ਕੋਈ ਬੋਝ ਨਹੀਂ ਪਵੇਗਾ ਅਤੇ 600 ਯੂਨਿਟ ਵਾਲੀ ਯੋਜਨਾ ਦੇ ਇੱਕ ਵੀ ਮੀਟਰ ਤੇ ਅਸਰ ਨਹੀ ਪਵੇਗਾ |

ਬਿਜਲੀ ਵਿਭਾਗ ਵਲੋਂ ਜਾਰੀ ਹੁਕਮਾਂ ਮੁਤਾਬਕ ਘਰੇਲੂ ਖਪਤਕਾਰਾਂ ਲਈ 2 ਕਿੱਲੋਵਾਟ ਲੋਡ ਤੱਕ ਲਈ ਪਹਿਲੇ 100 ਯੂਨਿਟ ਲਈ ਦਰ 3.49 ਰੁਪਏ ਤੋਂ ਵਧਾ ਕੇ 4.19 ਰੁਪਏ ਪ੍ਰਤੀ ਯੂਨਿਟ ਕਰ ਦਿੱਤੀ ਗਈ ਹੈ। ਇਸਦੇ ਨਾਲ ਹੀ ਫਿਕਸ ਚਾਰਜਿਜ਼ ਵੀ 35 ਰੁਪਏ ਤੋਂ ਵਧਾ ਕੇ 50 ਰੁਪਏ ਪ੍ਰਤੀ ਕਿੱਲੋਵਾਟ ਕਰ ਦਿੱਤੇ ਗਏ ਹਨ। ਇਸ ਤੋਂ ਇਲਾਵਾ 101 ਤੋਂ 300 ਯੂਨਿਟ ਤੱਕ ਦਰ 5.84 ਰੁਪਏ ਤੋਂ ਵਧਾ ਕੇ 6.64 ਰੁਪਏ ਪ੍ਰਤੀ ਯੂਨਿਟ ਕੀਤੇ ਗਏ ਹਨ ਤੇ 300 ਯੂਨਿਟ ਤੋਂ ਵੱਧ ਲਈ 7.30 ਰੁਪਏ ਤੋਂ ਵਧਾ ਕੇ 7.75 ਰੁਪਏ ਪ੍ਰਤੀ ਯੂਨਿਟ ਦਰ ਕੀਤੀ ਗਈ ਹੈ।

ਇਸਦੇ ਨਾਲ ਹੀ 2 ਤੋਂ 7 ਕਿੱਲੋਵਾਟ ਤੱਕ ਲੋਡ ਵਾਲੇ ਖਪਤਕਾਰਾਂ ਲਈ ਪਹਿਲੇ 100 ਯੂਨਿਟ ਤੱਕ ਦਰ 3.74 ਰੁਪਏ ਦੀ ਥਾਂ ਹੁਣ 4.44 ਰੁਪਏ ਹੋਵੇਗੀ। 100 ਤੋਂ 300 ਤੱਕ 5.84 ਰੁਪਏ ਦੀ ਥਾਂ 6.64 ਰੁਪਏ ਪ੍ਰਤੀ ਯੂਨਿਟ, 300 ਤੋਂ ਵੱਧ ਲਈ 7.30 ਰੁਪਏ ਦੀ ਥਾਂ 7.75 ਰੁਪਏ ਪ੍ਰਤੀ ਯੂਨਿਟ ਦੇਣੇ ਪੈਣਗੇ। ਇਸ ਵਰਗ ਲਈ ਫਿਕਸ ਚਾਰਜਿਜ਼ 60 ਤੋਂ ਵਧਾ ਕੇ 75 ਰੁਪਏ ਪ੍ਰਤੀ ਕਿੱਲੋਵਾਟ ਕੀਤੇ ਗਏ ਹਨ। 7 ਤੋਂ 50 ਕਿੱਲੋਵਾਟ ਲੋਡ ਵਾਲੇ ਖਪਤਕਾਰਾਂ ਲਈ ਦਰ ਹੁਣ ਪਹਿਲੇ 100 ਯੂਨਿਟ 4.64 ਰੁਪਏ ਦੀ ਥਾਂ 5.34 ਰੁਪਏ ਪ੍ਰਤੀ ਯੂਨਿਟ, 100 ਤੋਂ 300 ਲਈ 6.50 ਰੁਪਏ ਦੀ ਥਾਂ 7.15 ਰੁਪਏ ਪ੍ਰਤੀ ਯੂਨਿਟ, 300 ਤੋਂ ਵੱਧ ਲਈ 7.50 ਰੁਪਏ ਦੀ ਥਾਂ 7.75 ਰੁਪਏ ਪ੍ਰਤੀ ਯੂਨਿਟ ਦਰ ਹੋਵੇਗੀ। ਇਸ ਵਰਗ ਲਈ ਫਿਕਸ ਚਾਰਜਿਜ਼ 95 ਰੁਪਏ ਤੋਂ ਵਧਾ ਕੇ 110 ਰੁਪਏ ਪ੍ਰਤੀ ਯੂਨਿਟ ਕੀਤੇ ਗਏ ਹਨ।

ਦੂਜੇ ਪਾਸੇ 50 ਤੋਂ 100 ਕਿੱਲੋਵਾਟ ਲੋਡ ਵਾਲੇ ਖਪਤਕਾਰਾਂ ਲਈ 6.43 ਰੁਪਏ ਦੀ ਥਾਂ 6.75 ਰੁਪਏ ਪ੍ਰਤੀ ਯੂਨਿਟ ਚਾਰਜਿਜ਼ (Electricity Rates) ਤੈਅ ਕੀਤਾ ਹੈ । ਇਸ ਵਰਗ ਲਈ ਫਿਕਸ ਚਾਰਜਿਜ਼ 115 ਤੋਂ ਵਧਾ ਕੇ 130 ਰੁਪਏ ਪ੍ਰਤੀ ਕਿੱਲੋਵਾਟ ਕੀਤੇ ਗਏ ਹਨ। 100 ਕਿੱਲੋਵਾਟ ਤੋਂ ਵੱਧ ਲੋਡ ਵਾਲੇ ਖਪਤਕਾਰਾਂ ਲਈ 6.63 ਦੀ ਥਾਂ ਹੁਣ 6.96 ਰੁਪਏ ਪ੍ਰਤੀ ਕਿੱਲੋਵਾਟ ਦਰ ਹੋਵੇਗੀ ਅਤੇ ਫਿਕਸ ਚਾਰਜਿਜ਼ 125 ਰੁਪਏ ਤੋਂ ਵੱਧਾ ਕੇ 140 ਰੁਪਏ ਪ੍ਰਤੀ ਕਿੱਲੋਵਾਟ ਕੀਤੇ ਗਏ ਹਨ।

Scroll to Top