July 7, 2024 10:58 am
Balongi

ਆਉਣ ਵਾਲੇ ਸਮੇਂ ‘ਚ ਬਲੌਂਗੀ ਪਿੰਡ ਨੂੰ ਮਾਡਰਨ ਪਿੰਡ ਵਜੋਂ ਵਿਕਸਿਤ ਕੀਤਾ ਜਾਵੇਗਾ: ਵਿਧਾਇਕ ਕੁਲਵੰਤ ਸਿੰਘ

ਮੋਹਾਲੀ, 12 ਮਈ 2023: ਹਲਕਾ ਮੋਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਨੇ ਅੱਜ ਆਪਣੇ ਹਲਕੇ ਅਧੀਨ ਪੈਂਦੇ ਪਿੰਡ ਬਲੌਂਗੀ (Balongi) ਦੀ ਏਕਤਾ ਕਲੌਨੀ ਵਿੱਚ ਸੜਕ ਬਣਾਉਣ ਦੇ ਕਾਰਜ ਦੀ ਸ਼ੁਰੂਆਤ ਕਾਰਵਾਈ | ਇਸ ਮੌਕੇ ਕੁਲਵੰਤ ਸਿੰਘ ਨੇ ਕਿਹਾ ਪਿਛਲੇ 15-20 ਸਾਲ ਤੋਂ ਇਹ ਸੜਕ ਨਹੀਂ ਬਣ ਰਹੀ ਸੀ ਅਤੇ ਇਲਾਕੇ ਦੇ ਲੋਕਾਂ ਦੀ ਵੀ ਕਾਫੀ ਸਮੇਂ ਤੋਂ ਮੰਗ ਸੀ ਕਿ ਸੜਕ ਬਣਾਈ ਜਾਵੇ | ਸੜਕ ਦਾ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਹੈ, ਜਲਦ ਹੀ ਸੜਕ ਲੋਕਾਂ ਨੂੰ ਸਮਰਪਿਤ ਕਰ ਦਿੱਤੀ ਜਾਵੇਗੀ |

ਉਨ੍ਹਾਂ ਕਿਹਾ ਬਲੌਂਗੀ ਮੋਹਾਲੀ ਜ਼ਿਲ੍ਹੇ ਦਾ ਅਹਿਮ ਪਿੰਡ ਹੈ ਅਤੇ ਇਸਦਾ ਖਾਸ ਧਿਆਨ ਰੱਖਿਆ ਜਾਂਦਾ ਹੈ | ਪਿਛਲੀਆਂ ਸਰਕਾਰਾਂ ਨੇ ਬਲੌਂਗੀ ਵੱਲ 15-20 ਸਾਲ ਤੱਕ ਕੋਈ ਧਿਆਨ ਨਹੀਂ ਦਿੱਤਾ | ਉਨ੍ਹਾਂ ਕਿਹਾ ਆਮ ਆਦਮੀ ਪਾਰਟੀ ਸਰਕਾਰ ਦਾ ਇਕੋ ਹੀ ਏਜੰਡਾ ਹੈ ਸਰਬਪੱਖੀ ਵਿਕਾਸ ਅਤੇ ਲੋਕਾਂ ਦੇ ਕੰਮ | ਇਸੇ ਤਹਿਤ ਬਲੌਂਗੀ ਦੀ ਮੇਨ ਸੜਕ (ਮਾਰਕੀਟ ਰੋਡ) ਨੂੰ 1.5 ਕਰੋੜ ਦੀ ਲਾਗਤ ਨਾਲ ਬਣਾਈ ਜਾ ਰਹੀ ਹੈ | ਜਿਸਦੀ ਹਾਲਤ ਕਾਫੀ ਖਸਤਾ ਹੈ |

MLA Kulwant Singh

ਉਨ੍ਹਾਂ ਕਿਹਾ ਆਪ ਸਰਕਾਰ ਬਣਨ ਤੋਂ ਬਾਅਦ ਬਲੌਂਗੀ ਵਿੱਚ ਹੁਣ ਤੱਕ 3 ਟਿਊਬਵੈੱਲ ਲੱਗ ਚੁੱਕੇ ਹਨ, ਲੋਕਾਂ ਨੂੰ ਸਾਫ਼ ਸੁਥਰਾ ਪਾਣੀ ਮਿਲ ਰਿਹਾ ਹੈ | ਆਉਣ ਵਾਲੇ ਸਮੇਂ ਵਿੱਚ ਬਲੌਂਗੀ ਦੀਆਂ ਸਾਰੀਆਂ ਸੜਕਾਂ ਅਤੇ ਲਟਕ ਰਹੀਆਂ ਤਾਰਾਂ ਦੀ ਸਮੱਸਿਆ ਹੱਲ ਕੀਤੀ ਜਾਵੇਗੀ | ਬਲੌਂਗੀ ਪਿੰਡ ਨੂੰ ਆਉਣ ਵਾਲੇ ਸਮੇਂ ਵਿਚ ਮਾਡਰਨ ਪਿੰਡ ਵਜੋਂ ਵਿਕਸਿਤ ਕੀਤਾ ਜਾਵੇਗਾ | ਉਨ੍ਹਾਂ ਕਿਹਾ ਪਿੰਡ ਦੇ ਲੋਕਾਂ ਅਤੇ ਪੰਚਾਇਤ ਦਾ ਵੀ ਪੂਰਾ ਸਹਿਯੋਗ ਮਿਲ ਰਿਹਾ ਹੈ |

ਵਿਧਾਇਕ ਕੁਲਵੰਤ ਸਿੰਘ ਨੇ ਨਸ਼ਿਆਂ ਦੇ ਮੁੱਦੇ ‘ਤੇ ਕਿਹਾ ਕਿ ਜੋ ਨਸ਼ਿਆਂ ਦੀ ਸਪਲਾਈ ਕਰਦੇ ਸਨ ਉਨ੍ਹਾਂ ਨੂੰ ਸਬੂਤ ਸਮੇਤ ਗ੍ਰਿਫਤਾਰ ਕੀਤਾ ਜਾ ਰਿਹਾ ਹੈ | ਨਸ਼ਿਆਂ ਦੇ ਖ਼ਾਤਮੇ ਲਈ ਲੋਕਾਂ ਦੇ ਸਹਿਯੋਗ ਦੀ ਲੋੜ ਹੈ | ਉਨ੍ਹਾਂ ਕਿਹਾ ਕਿ ਜੋ ਕੋਈ ਬੰਦਾ ਗ਼ਲਤ ਕੰਮ ਕਰਦਾ ਹੈ ਜਾਂ ਕੋਈ ਸਮੱਸਿਆ ਹੈ ਉਸ ਸੰਬੰਧੀ ਸਿੱਧਾ ਮੇਰੇ ਦਫ਼ਤਰ ਜਦੋਂ ਮਰਜ਼ੀ ਆ ਸਕਦੇ ਹਨ | ਤੁਹਾਡੇ ਸਾਰੇ ਜਾਇਜ਼ ਕੰਮ ਕੀਤੇ ਜਾਣਗੇ |

ਉਨ੍ਹਾਂ ਕਿਹਾ ਕਿ ਬਲੌਂਗੀ (Balongi) ਵਿੱਚ ਪੀ.ਜੀ. ਦੀਆਂ ਸਮੱਸਿਆਵਾਂ ਦਾ ਢੁੱਕਵਾਂ ਹੱਲ ਕੱਢਣ ਦੀ ਲੋੜ ਹੈ, ਅਸੀਂ ਮੁੱਖ ਮੰਤਰੀ ਭਗਵੰਤ ਮਾਨ ਗੱਲ ਕਰਕੇ ਇਸ ਸੰਬੰਧੀ ਪੋਲਿਸੀ ਤਿਆਰ ਕਰਨ ਦੀ ਮੰਗ ਕਰਾਂਗੇ | ਜਿਸ ਵਿੱਚ ਪੀ.ਜੀ. ਚਲਾਉਣ ਲਈ ਕੁਝ ਹਦਾਇਤਾਂ ਬਣਾਈਆਂ ਜਾਣ ਤਾਂ ਕਿਰਾਏ ‘ਤੇ ਰਹਿ ਰਹੇ ਲੋਕ ਲੁੱਟ ਤੋਂ ਬਚਣ ਸਕਣ | ਇਸ ਮੌਕੇ ਵਿਧਾਇਕ ਕੁਲਵੰਤ ਸਿੰਘ ਨਾਲ ਬਲੌਂਗੀ ਦੇ ਦੋਵੇਂ ਪੰਚਾਇਤਾਂ ਸਰਪੰਚ ਦਿਨੇਸ਼ ਅਤੇ ਬਹਾਦਰ ਸਿੰਘ, ਆਪ ਪਾਰਟੀ ਦੇ ਵਿੱਕੀ ਸਾਬਕਾ ਬਲਾਕ ਸੰਮਤੀ ਮੈਂਬਰ (ਬਲੌਂਗੀ ), ਚਰਨਜੀਤ ਸਿੰਘ ਬਲੌਂਗੀ, ਪਾਠਕ ਪੰਚ, ਰਣਜੀਤ ਸੈਣੀ, ਰਵੀ, ਸੋਨੂੰ ਸ਼ਰਮਾ, ਕੁਲਦੀਪ ਸਿੰਘ, ਦਲੀਪ ਸਿੰਘ ਕੰਗ, ਬਿੰਦਾ ਢਾਬੇ ਵਾਲਾ, ਤੇਜਿੰਦਰ, ਹਰਿੰਦਰ ਸਿੰਘ ਪੰਚ, ਨਰਿੰਦਰ ਸਿੰਘ, ਹਰਪਾਲ ਸਿੰਘ ਚੰਨਾ,ਡਾ. ਕੁਲਦੀਪ ਸਿੰਘ, ਆਰ.ਪੀ. ਸ਼ਰਮਾ, ਸੁਰਿੰਦਰ ਸਿੰਘ ਰੋਡਾ ਅਤੇ ਹਰਸੰਗਤ ਸਿੰਘ ਹਾਜ਼ਰ ਸਨ |