ਚੰਡੀਗੜ੍ਹ, 11 ਮਈ 2023: ਹਾਈਕੋਰਟ ਨੇ ਕਥਿਤ ਸ਼ਰਾਬ ਘੁਟਾਲੇ ਮਾਮਲੇ ‘ਚ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ (Manish Sisodia) ਦੀ ਜ਼ਮਾਨਤ ਪਟੀਸ਼ਨ ‘ਤੇ ਵੀਰਵਾਰ ਨੂੰ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਹੈ। ਹਾਲਾਂਕਿ, ਉਸ ਨੂੰ ਆਪਣੀ ਬੀਮਾਰ ਪਤਨੀ ਨਾਲ ਗੱਲ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ। ਅਦਾਲਤ ਨੇ ਜੇਲ੍ਹ ਸੁਪਰਡੈਂਟ ਨੂੰ ਹੁਕਮ ਦਿੱਤਾ ਹੈ ਕਿ ਉਹ ਜੇਲ੍ਹ ਮੈਨੂਅਲ ਅਨੁਸਾਰ ਬਦਲਵੇਂ ਦਿਨ ਸ਼ਾਮ 3 ਤੋਂ 4 ਵਜੇ ਤੱਕ ਮਨੀਸ਼ ਸਿਸੋਦੀਆ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਗੱਲ ਕਰਨ।
ਮਨੀਸ਼ ਸਿਸੋਦੀਆ ਫਿਲਹਾਲ ਸੀਬੀਆਈ ਅਤੇ ਈਡੀ ਦੁਆਰਾ ਦਰਜ ਮਾਮਲਿਆਂ ਵਿੱਚ ਨਿਆਂਇਕ ਹਿਰਾਸਤ ਵਿੱਚ ਹੈ। ਵਿਸ਼ੇਸ਼ ਜੱਜ ਨੇ 31 ਮਾਰਚ ਨੂੰ ਸੀਬੀਆਈ ਵੱਲੋਂ ਦਰਜ ਕੀਤੇ ਕੇਸ ਵਿੱਚ ਉਸ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਹਾਲ ਹੀ ਵਿੱਚ ਈਡੀ ਦੇ ਕੇਸ ਵਿੱਚ ਵੀ ਉਸ ਨੂੰ ਜ਼ਮਾਨਤ ਨਹੀਂ ਮਿਲ ਸਕੀ ਸੀ।
ਮਨੀਸ਼ ਸਿਸੋਦੀਆ ਦੀ ਪਤਨੀ ਮਲਟੀਪਲ ਸਕੇਲੇਰੋਸਿਸ ਤੋਂ ਪੀੜਤ
ਮਨੀਸ਼ ਸਿਸੋਦੀਆ (Manish Sisodia) ਦੀ ਪਤਨੀ ਸੀਮਾ ਸਿਸੋਦੀਆ ਲੰਬੇ ਸਮੇਂ ਤੋਂ ਮਲਟੀਪਲ ਸਕੇਲੇਰੋਸਿਸ ਬਿਮਾਰੀ ਤੋਂ ਪੀੜਤ ਹੈ। ਜਦੋਂ ਤੋਂ ਮਨੀਸ਼ ਸਿਸੋਦੀਆ ਜੇਲ੍ਹ, ਬੇਟਾ ਪੜ੍ਹਾਈ ਲਈ ਵਿਦੇਸ਼ ਗਿਆ ਹੈ, ਉਹ ਘਰ ਵਿੱਚ ਇਕੱਲੀ ਹੈ। ਇਸ ਕਾਰਨ ਉਹ ਤਣਾਅ ‘ਚ ਰਹਿੰਦੀ ਹੈ। ਉਸ ਦਾ ਇਲਾਜ ਕਰ ਰਹੇ ਅਪੋਲੋ ਦੇ ਡਾਕਟਰਾਂ ਦਾ ਕਹਿਣਾ ਹੈ ਕਿ ਮਲਟੀਪਲ ਸਕੇਲੇਰੋਸਿਸ ਦੀ ਬੀਮਾਰੀ ‘ਚ ਮਰੀਜ਼ ਦਾ ਸਰੀਰ ‘ਤੇ ਦਿਮਾਗ ਦਾ ਕੰਟਰੋਲ ਘਟਦਾ ਜਾਂਦਾ ਹੈ। ਫਿਲਹਾਲ ਉਨ੍ਹਾਂ ‘ਚ ਵੀ ਅਜਿਹੇ ਹੀ ਲੱਛਣ ਦਿਖਾਈ ਦੇ ਰਹੇ ਹਨ। ਇਸ ਬਿਮਾਰੀ ਕਾਰਨ ਉਸ ਦੇ ਅੱਧੇ ਸਰੀਰ ਦੀ ਕਾਰਜਸ਼ੀਲਤਾ ਪ੍ਰਭਾਵਿਤ ਹੁੰਦੀ ਹੈ। ਇਸ ਕਾਰਨ ਉਸ ਨੂੰ ਤੁਰਨ ਜਾਂ ਬੈਠਣ ਵਿਚ ਕਾਫੀ ਦਿੱਕਤ ਆ ਰਹੀ ਹੈ।
73 ਦਿਨਾਂ ਤੋਂ ਜੇਲ੍ਹ ‘ਚ ਬੰਦ ਹਨ ਮਨੀਸ਼ ਸਿਸੋਦੀਆ
ਮਨੀਸ਼ ਸਿਸੋਦੀਆ ਨੂੰ ਸੀਬੀਆਈ ਨੇ 26 ਫਰਵਰੀ ਨੂੰ ਦਿੱਲੀ ਵਿੱਚ ਕਥਿਤ ਨਵੀਂ ਆਬਕਾਰੀ ਨੀਤੀ ਘੁਟਾਲੇ ਦੇ ਸਬੰਧ ਵਿੱਚ ਅੱਠ ਘੰਟੇ ਲੰਬੀ ਪੁੱਛਗਿੱਛ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਸੀ। ਦੋਸ਼ ਹੈ ਕਿ ਦਿੱਲੀ ਸ਼ਰਾਬ ਨੀਤੀ ਕਥਿਤ ਘੁਟਾਲੇ ਵਿੱਚ ਸਿਸੋਦੀਆ ਦੀ ਅਹਿਮ ਭੂਮਿਕਾ ਸੀ। ਸਿਸੋਦੀਆ ਕੇਜਰੀਵਾਲ ਸਰਕਾਰ ਵਿੱਚ ਸਭ ਤੋਂ ਵੱਡੇ ਮੰਤਰੀ ਸਨ। ਉਸ ਕੋਲ ਕੁੱਲ 33 ਵਿੱਚੋਂ 18 ਵਿਭਾਗ ਸਨ।