ਮੋਹਾਲੀ, 10 ਮਈ 2023: ਨਸ਼ਿਆਂ ਅਤੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਵਿੱਢੀ ਮੁਹਿੰਮ ਦੌਰਾਨ, ਪੰਜਾਬ ਪੁਲਿਸ ਨੇ ਅੱਜ ਨਸ਼ਾ ਤਸਕਰੀ ਅਤੇ ਸਮਾਜ ਵਿਰੋਧੀ ਅਨਸਰਾਂ ਨੂੰ ਨੱਥ ਪਾਉਣ ਦੇ ਉਦੇਸ਼ ਨਾਲ ਦੋ ਰੋਜ਼ਾ ਸੂਬਾ ਪੱਧਰੀ ਆਪਰੇਸ਼ਨ ‘ਓ.ਪੀ.ਐਸ. ਵਿਜੀਲ’ (OPS Vigil) ਚਲਾਇਆ ਹੈ, ਜੋ ਕਿ ਦੂਜੇ ਦਿਨ ਵੀ ਜਾਰੀ ਹੈ | ਅੰਮ੍ਰਿਤਸਰ ‘ਚ ਹੋਏ ਦੋ ਧਮਾਕਿਆਂ ਤੋਂ ਬਾਅਦ ਪੁਲਿਸ ਨੇ ਸੂਬੇ ਭਰ ‘ਚ ਆਪਰੇਸ਼ਨ ਵਿਜੀਲ ਸ਼ੁਰੂ ਕਰਕੇ ਵੱਡੇ ਪੱਧਰ ‘ਤੇ ਤਲਾਸ਼ੀ ਮੁਹਿੰਮ ਚਲਾਈ ਹੈ |
ਇਸ ਪੂਰੀ ਕਾਰਵਾਈ ਦੀ ਨਿਗਰਾਨੀ ਸਪੈਸ਼ਲ ਏਡੀਜੀਪੀ ਲਾਅ ਐਂਡ ਆਰਡਰ ਅਰਪਿਤ ਸ਼ੁਕਲਾ ਵੱਲੋਂ ਕੀਤੀ ਜਾ ਰਹੀ ਹੈ। ਅੱਜ ਮੋਹਾਲੀ (Mohali) ਪੁਲਿਸ ਨੇ ਫਲੈਗ ਮਾਰਚ ਕੱਢਿਆ,ਜਿਸਦੀ ਅਗਵਾਈ ਏਡੀਜੀਪੀ ਲਾਅ ਐਂਡ ਆਰਡਰ ਅਰਪਿਤ ਸ਼ੁਕਲਾ ਨੇ ਕੀਤੀ ।
ਗੱਲਬਾਤ ਦੌਰਾਨ ਏਡੀਜੀਪੀ ਅਰਪਿਤ ਸ਼ੁਕਲਾ ਨੇ ਦੱਸਿਆ ਕਿ ਪੰਜਾਬ ਦੀ ਕਾਨੂੰਨੀ ਵਿਵਸਥਾ ਨੂੰ ਬਰਕਰਾਰ ਰੱਖਣ ਦੇ ਉਦੇਸ਼ ਨਾਲ ਇਹ ਆਪਰੇਸ਼ਨ ਚੌਕਸੀ ਸ਼ੁਰੂ ਕੀਤਾ ਗਿਆ ਹੈ। ਇਸ ਤਹਿਤ ਸੂਬੇ ਭਰ ਵਿੱਚ 900 ਤੋਂ ਵੱਧ ਨਾਕੇ ਲਗਾਏ ਗਏ ਹਨ। ਇਸ ਤੋਂ ਇਲਾਵਾ ਪੰਜਾਬ ਵਿੱਚ ਫਲੈਗ ਮਾਰਚ ਕੱਢਿਆ ਜਾ ਰਿਹਾ ਹੈ ਅਤੇ ਸੰਵੇਦਨਸ਼ੀਲ ਥਾਵਾਂ ਦੀ ਸ਼ਨਾਖਤ ਕੀਤੀ ਗਈ ਹੈ, ਜਿੱਥੇ ਸਰਚ ਅਭਿਆਨ ਵੀ ਚਲਾਇਆ ਗਿਆ ਤੇ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਲਿਆ ਗਿਆ।