ਚੰਡੀਗੜ੍ਹ, 05 ਮਈ 2023: ਜੰਮੂ ਡਿਵੀਜ਼ਨ ਦੇ ਜ਼ਿਲ੍ਹਾ ਰਾਜੌਰੀ (Rajouri) ਦੇ ਇਲਾਕੇ ਵਿੱਚ ਸ਼ੁੱਕਰਵਾਰ ਨੂੰ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਕਾਰ ਮੁਕਾਬਲਾ ਚੱਲ ਰਿਹਾ ਹੈ ਅਤੇ ਦੋਵਾਂ ਪਾਸਿਆਂ ਤੋਂ ਗੋਲੀਬਾਰੀ ਹੋ ਰਹੀ ਹੈ। ਇਸ ਘਟਨਾ ਬਾਰੇ ਫੌਜ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਮੁਕਾਬਲੇ ਦੌਰਾਨ ਪੰਜ ਜਵਾਨ ਸ਼ਹੀਦ ਹੋ ਗਏ ਹਨ। ਜਦੋਂ ਕਿ ਇੱਕ ਅਧਿਕਾਰੀ ਸਮੇਤ ਚਾਰ ਜ਼ਖ਼ਮੀ ਹੋਏ, ਇਨ੍ਹਾਂ ਵਿੱਚੋਂ ਤਿੰਨ ਜਵਾਨਾਂ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ।।
ਇਸ ਮੁਕਾਬਲੇ ਦੌਰਾਨ ਅੱਤਵਾਦੀਆਂ ਦੇ ਵੀ ਮਾਰੇ ਜਾਣ ਦੀ ਵੀ ਖ਼ਬਰ ਹੈ। ਜਦਕਿ ਜ਼ਖਮੀ ਜਵਾਨਾਂ ਨੂੰ ਕਮਾਂਡ ਹਸਪਤਾਲ ਊਧਮਪੁਰ ਲਿਜਾਇਆ ਗਿਆ ਹੈ। ਸੁਰੱਖਿਆ ਨੂੰ ਧਿਆਨ ‘ਚ ਰੱਖਦੇ ਹੋਏ ਫਿਲਹਾਲ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ। ਸੁਰੱਖਿਆ ਕਾਰਨਾਂ ਕਰਕੇ ਰਾਜੌਰੀ ਜ਼ਿਲ੍ਹੇ ਵਿੱਚ ਇੰਟਰਨੈੱਟ ਸੇਵਾ ਕੁਝ ਸਮੇਂ ਲਈ ਮੁਅੱਤਲ ਕਰ ਦਿੱਤੀ ਗਈ ਹੈ।
ਇਕ ਅਧਿਕਾਰੀ ਨੇ ਦੱਸਿਆ ਕਿ ਇਲਾਕੇ ‘ਚ ਅੱਤਵਾਦੀਆਂ ਦੀ ਮੌਜੂਦਗੀ ਦੀ ਖਾਸ ਸੂਚਨਾ ‘ਤੇ ਪੁਲਿਸ, ਫੌਜ ਅਤੇ ਸੀਆਰਪੀਐੱਫ ਦੀ ਸਾਂਝੀ ਟੀਮ ਨੇ ਤਲਾਸ਼ੀ ਮੁਹਿੰਮ ਚਲਾਈ। ਇਸ ਦੌਰਾਨ ਜਿਵੇਂ ਹੀ ਸੰਯੁਕਤ ਟੀਮਾਂ ਸ਼ੱਕੀ ਸਥਾਨ (Rajouri) ‘ਤੇ ਪਹੁੰਚੀਆਂ ਤਾਂ ਲੁਕੇ ਹੋਏ ਅੱਤਵਾਦੀਆਂ ਨੇ ਉਨ੍ਹਾਂ ‘ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ, ਜਵਾਬੀ ਕਾਰਵਾਈ ਕਰਦੇ ਹੋਏ ਮੁਕਾਬਲਾ ਸ਼ੁਰੂ ਹੋ ਗਿਆ।
ਆਸਪਾਸ ਦੇ ਇਲਾਕਿਆਂ ਤੋਂ ਵਾਧੂ ਟੀਮਾਂ ਮੁਕਾਬਲੇ ਵਾਲੀ ਥਾਂ ‘ਤੇ ਰਵਾਨਾ ਕਰ ਦਿੱਤੀਆਂ ਗਈਆਂ ਹਨ। ਸ਼ੁਰੂਆਤੀ ਰਿਪੋਰਟਾਂ ਮੁਤਾਬਕ ਇਲਾਕੇ ‘ਚ ਅੱਤਵਾਦੀਆਂ ਦਾ ਇੱਕ ਸਮੂਹ ਘਿਰਿਆ ਹੋਇਆ ਹੈ। ਮੁਕਾਬਲਾ ਅਜੇ ਵੀ ਜਾਰੀ ਹੈ।ਇਸ ਸਾਲ ਪਹਿਲੀ ਜਨਵਰੀ ਨੂੰ ਪੁੰਛ ਦੇ ਇਲਾਕੇ ‘ਚ ਫੌਜੀ ਵਾਹਨ ‘ਤੇ ਹੋਏ ਅੱਤਵਾਦੀ ਹਮਲੇ ਅਤੇ ਰਾਜੋਰੀ ਦੇ ਡਾਂਗਰੀ ‘ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਦੋਵਾਂ ਜ਼ਿਲਿਆਂ ‘ਚ ਸੁਰੱਖਿਆ ਬਲਾਂ ਵਲੋਂ ਵੱਡੇ ਪੱਧਰ ‘ਤੇ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ।
ਸੂਤਰਾਂ ਮੁਤਾਬਕ ਰਾਜੌਰੀ ਜ਼ਿਲੇ ਦੀ ਥੰਨਾਮੰਡੀ ਅਤੇ ਦਰਹਾਲ ਤਹਿਸੀਲਾਂ ਦੇ ਸੰਘਣੇ ਜੰਗਲਾਂ ‘ਚ ਚਾਰ ਤੋਂ ਛੇ ਅੱਤਵਾਦੀਆਂ ਦੇ ਸਰਗਰਮ ਹੋਣ ਦੀ ਸੂਚਨਾ ਹੈ। ਉਨ੍ਹਾਂ ਨੂੰ ਫੜਨ ਲਈ ਵੱਡੇ ਪੱਧਰ ‘ਤੇ ਤਲਾਸ਼ੀ ਮੁਹਿੰਮ ਚਲਾਈ ਗਈ ਹੈ।