ਚੰਡੀਗ੍ਹੜ, 04 ਮਈ 2023: ਕੈਨੇਡਾ ਵੱਸਦੇ ਡਾ.ਕੁਲਦੀਪ ਸਿੰਘ ਚਾਹਲ ਤੇ ਪੰਜਾਬੀ ਲੇਖਿਕਾ ਹਰਕੀਰਤ ਕੌਰ ਚਾਹਲ ਦੇ ਜਵਾਨ ਪੁੱਤਰ ਕੰਵਰ ਚਾਹਲ (Kanwar Chahal) ਦੇ ਦੁਖਦਾਈ ਵਿਛੋੜੇ ਦੀ ਖ਼ਬਰ ਨਾਲ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਸੋਗ ਦੀ ਲਹਿਰ ਹੈ | ਪੰਜਾਬੀ ਗਾਇਕ ਕੰਵਰ ਚਾਹਲ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਉਨ੍ਹਾਂ ਨੂੰ ਸ਼ਹਿਨਾਜ਼ ਗਿੱਲ ਨਾਲ ਗੀਤ ‘ਮਾਝੇ ਦੀ ਜੱਟੀਏ’ ਵਿੱਚ ਵੀ ਦੇਖਿਆ ਗਿਆ ਸੀ।
ਕੰਵਰ ਚਾਹਲ ਨੇ ਸੰਗੀਤ ਜਗਤ ਨੂੰ ਕਈ ਸੁਪਰਹਿੱਟ ਗੀਤ ਦਿੱਤੇ। ਕਲਾਕਾਰ ਦੀ ਬੇਵਕਤੀ ਮੌਤ ਨਾਲ ਨਾ ਸਿਰਫ ਪੰਜਾਬੀ ਮਿਊਜ਼ਿਕ ਇੰਡਸਟਰੀ ਸਗੋਂ ਪ੍ਰਸ਼ੰਸ਼ਕਾਂ ਲਈ ਕਿਸੇ ਵੱਡੇ ਸਦਮੇ ਤੋਂ ਘੱਟ ਨਹੀਂ ਹੈ। ਕੰਵਰ ਚਾਹਲ ਸਿਰਫ 29 ਸਾਲ ਦੀ ਉਮਰ ਵਿੱਚ ਦੁਨੀਆ ਤੋਂ ਹਮੇਸ਼-ਹਮੇਸ਼ਾ ਲਈ ਰੁਖਸਤ ਹੋ ਗਏ।
ਜਿਕਰਯੋਗ ਹੈ ਕਿ ‘ਮਾਝੇ ਦੀ ਜੱਟੀਏ‘ ਤੋਂ ਇਲਾਵਾ ਉਨ੍ਹਾਂ ਨੇ ‘ਗੱਲ ਸੁਣ ਜਾ’ ਤੇ ‘ਇਕ ਵਾਰ’ ਵਰਗੇ ਕਈ ਗੀਤਾਂ ਨਾਲ ਪ੍ਰਸ਼ੰਸ਼ਕਾਂ ਦਾ ਖ਼ੂਬ ਮਨੋਰੰਜਨ ਕੀਤਾ। ਕੰਵਰ ਚਾਹਲ ਦੀ ਮੌਤ ਕਿਵੇਂ ਹੋਈ, ਇਸ ਬਾਰੇ ਅਜੇ ਤੱਕ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ, ਪਰ ਕਿਹਾ ਜਾ ਰਿਹਾ ਹੈ ਕਿ ਸਿਰ ਦੀ ਸੱਟ ਮੌਤ ਦਾ ਕਾਰਨ ਬਣੀ | ਕੰਵਰ ਚਾਹਲ ਦਾ ਦਿਹਾਂਤ ਪੰਜਾਬੀ ਸੰਗੀਤ ਜਗਤ ਲਈ ਬਹੁਤ ਵੱਡਾ ਘਾਟਾ ਹੈ। ਡਾ. ਕੰਵਰ ਚਾਹਲ ਨੇ ਗੁਰੂ ਅੰਗਦ ਦੇਵ ਵੈਟਰਨਰੀ ਸਾਇੰਸਜ਼ ਯੂਨੀਵਰਸਿਟੀ ਲੁਧਿਆਣਾ ਵਿਖੇ ਪੜਾਈ ਕੀਤੀ ਸੀ |