ਚੰਡੀਗੜ੍ਹ, 22 ਅਪ੍ਰੈਲ 2023: ਜੰਮੂ-ਕਸ਼ਮੀਰ ਦੇ ਪੁੰਛ-ਜੰਮੂ ਹਾਈਵੇ ’ਤੇ ਫੌਜ ਦੇ ਵਾਹਨਾਂ ’ਤੇ ਅੱਤਵਾਦੀਆਂ ਵਲੋਂ ਕੀਤੇ ਗਏ ਹਮਲੇ ’ਚ 5 ਜਵਾਨ ਸ਼ਹੀਦ ਹੋ ਗਏ ਸਨ, ਜਿਨ੍ਹਾਂ ’ਚ 4 ਜਵਾਨ ਪੰਜਾਬ ਦੇ ਸਨ, ਇਕ ਜਵਾਨ ਉੜੀਸਾ ਨਾਲ ਸੰਬੰਧਿਤ ਸੀ। ਇਸਦੇ ਨਾਲ ਹੀ ਪੰਜਾਬ ਦੇ 4 ਸ਼ਹੀਦ ਜਵਾਨਾਂ ’ਚੋਂ ਇਕ ਹਰਕ੍ਰਿਸ਼ਨ ਸਿੰਘ ਪੁੱਤਰ ਮੰਗਲ ਸਿੰਘ ਬਟਾਲਾ ਦੇ ਨੇੜਲੇ ਪਿੰਡ ਤਲਵੰਡੀ ਭਰਥ ਦਾ ਰਹਿਣ ਵਾਲਾ ਸੀ। ਅੱਜ ਸ਼ਹੀਦ ਹਰਕ੍ਰਿਸ਼ਨ ਸਿੰਘ ਮ੍ਰਿਤਕ ਦੇਹ ਜੱਦੀ ਪਿੰਡ ਲਿਆਂਦੀ ਗਈ ਹੈ। ਜਿਥੇ ਹਰਕ੍ਰਿਸ਼ਨ ਸਿੰਘ ਨੂੰ ਸਰਕਾਰੀ ਸਨਮਾਨਾਂ ਨਾਲ ਅੰਤਿਮ ਵਿਦਾਈ ਦਿੱਤੀ ਗਈ, ਇਸ ਦੌਰਾਨ ਵਡੀ ਗਿਣਤੀ ਵਿੱਚ ਪਹੁੰਚੇ ਲੋਕਾਂ ਨੇ ਸ਼ਹੀਦ ਹਰਕ੍ਰਿਸ਼ਨ ਸਿੰਘ ਸ਼ਰਧਾਂਜਲੀ ਦਿੱਤੀ |
ਸ਼ਹੀਦ ਹਰਕ੍ਰਿਸ਼ਨ ਸਿੰਘ ਦੀ ਸ਼ਹਾਦਤ ਦਾ ਪਤਾ ਚੱਲਦਿਆਂ ਪਰਿਵਾਰ ’ਤੇ ਦੁੱਖ ਦਾ ਪਹਾੜ ਟੁੱਟ ਪਿਆ, ਉੱਥੇ ਹੀ ਪਿੰਡ ’ਚ ਸੋਗ ਦੀ ਲਹਿਰ ਹੈ। ਹਰਕ੍ਰਿਸ਼ਨ ਇਕ ਦਲੇਰ ਮਾਂ ਦਾ ਦਲੇਰ ਪੁੱਤ ਸੀ। ਇਸ ਦੌਰਾਨ ਸ਼ਹੀਦ ਦੀ ਮਾਂ ਦਾ ਕਹਿਣਾ ਹੈ ਕਿ ਮੇਰੇ ਪੁੱਤ ਦੀ ਅੰਤਿਮ ਵਿਦਾਈ ‘ਚ ਕੋਈ ਵੀ ਨਾ ਰੋਵੇ। ਉਨ੍ਹਾਂ ਕਿਹਾ ਕਿ ਸਾਡਾ ਪੁੱਤ ਦੇਸ਼ ਲਈ ਕੁਰਬਾਨ ਹੋਇਆ ਹੈ, ਸਾਨੂੰ ਇਸ ਗੱਲ ਦਾ ਮਾਣ ਹੈ। ਉਨ੍ਹਾਂ ਕਿਹਾ ਕਿ ਮੇਰਾ ਪੁੱਤਰ ਇਕ ਖਿਡਾਰੀ ਵੀ ਸੀ। ਉਹ ਕਹਿੰਦਾ ਹੁੰਦਾ ਸੀ ਕਿ ਮੈਂ ਮੈਦਾਨ ‘ਚ ਹੀ ਖੇਡਣਾ ਹੈ। ਸਾਨੂੰ ਆਪਣੇ ਪੁੱਤ ‘ਤੇ ਮਾਣ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਪੁੱਤਰ ਦੇ ਨਾਂ ‘ਤੇ ਮੈਦਾਨ ਬਣਾਉਣਾ ਚਾਹੀਦਾ ਹੈ।
ਸ਼ਹੀਦ ਹਰਕ੍ਰਿਸ਼ਨ ਸਿੰਘ ਦੇ ਪਿਤਾ ਮੰਗਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ 2017 ’ਚ ਫੌਜ ’ਚ ਭਰਤੀ ਹੋਇਆ ਸੀ ਅਤੇ ਹੁਣ 49 ਰਾਸ਼ਟਰੀ ਰਾਈਫਲਜ਼ ’ਚ ਸੇਵਾਵਾਂ ਨਿਭਾ ਰਿਹਾ ਸੀ। ਉਨ੍ਹਾਂ ਦੱਸਿਆ ਕਿ ਕੁਝ ਦਿਨ ਪਹਿਲਾਂ ਉਨ੍ਹਾਂ ਦੀ ਹਰਕ੍ਰਿਸ਼ਨ ਸਿੰਘ ਨਾਲ ਵੀਡੀਓ ਕਾਲ ਰਾਹੀਂ ਗੱਲ ਹੋਈ ਸੀ ਅਤੇ ਉਹ ਫਰਵਰੀ ਮਹੀਨੇ ਹੀ ਛੁੱਟੀ ਤੋਂ ਡਿਊਟੀ ’ਤੇ ਗਿਆ ਸੀ। ਉਨ੍ਹਾਂ ਦੱਸਿਆ ਕਿ ਸ਼ਹੀਦ ਹਰਕ੍ਰਿਸ਼ਨ ਸਿੰਘ ਆਪਣੇ ਪਿਛੇ ਪਤਨੀ ਅਤੇ 2 ਸਾਲ ਦੀ ਬੱਚੀ ਛੱਡ ਗਿਆ ਹੈ।