Khanauri

12,000 ਰੁਪਏ ਰਿਸ਼ਵਤ ਲੈਣ ਤੇ 7,000 ਰੁਪਏ ਹੋਰ ਰਿਸ਼ਵਤ ਮੰਗਣ ਦੇ ਦੋਸ਼ ਹੇਠ ਵਿਜੀਲੈਂਸ ਬਿਊਰੋ ਵੱਲੋ ਜੇ.ਈ. ਗ੍ਰਿਫਤਾਰ

ਚੰਡੀਗੜ੍ਹ 21 ਅਪ੍ਰੈਲ 2023: ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਅਪਣਾਈ ਜੀਰੋ ਸ਼ਹਿਣਸ਼ੀਲਤਾ ਦੀ ਨੀਤੀ ਤਹਿਤ ਪੰਜਾਬ ਵਿਜੀਲੈਂਸ ਬਿਊਰੋ ਵੱਲੋ ਰਿਸ਼ਵਤਖੋਰੀ ਵਿਰੁੱਧ ਜਾਰੀ ਮੁਹਿੰਮ ਦੌਰਾਨ ਅੱਜ ਸ਼ੁੱਕਰਵਾਰ ਨੂੰ ਰਾਜਨ ਕੁਮਾਰ ਜੇ.ਈ. ਬਿਜਲੀ ਉਪ ਮੰਡਲ-2, ਪੰਜਾਬ ਲੋਕ ਨਿਰਮਾਣ ਵਿਭਾਗ (ਭਵਨ ਤੇ ਮਾਰਗ ਸਾਖਾ) ਬਠਿੰਡਾ ਨੂੰ 12,000 ਰੁਪਏ ਹਾਸਲ ਕਰਨ ਅਤੇ 7,000 ਰੁਪਏ ਹੋਰ ਰਿਸ਼ਵਤ ਦੀ ਮੰਗ ਕਰਨ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਹੈ।

ਅੱਜ ਇੱਥੇ ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਪਰੋਕਤ ਮੁਲਜ਼ਮ ਨੂੰ ਗੁਰਮੇਲ ਸਿੰਘ ਵਾਸੀ ਮੌੜ ਮੰਡੀ, ਜਿਲ੍ਹਾ ਬਠਿੰਡਾ ਵੱਲੋਂ ਮੁੱਖ ਮੰਤਰੀ ਦੀ ਐਂਟੀ ਕਰੱਪਸ਼ਨ ਐਕਸ਼ਨ ਲਾਈਨ ਉਪਰ ਕੀਤੀ ਗਈ ਆਨਲਾਈਨ ਸ਼ਿਕਾਇਤ ਦੇ ਆਧਾਰ ਉਤੇ ਗ੍ਰਿਫਤਾਰ ਕੀਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਉਕਤ ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਗਿਆ ਹੈ ਕਿ ਉਕਤ ਜੇ.ਈ. ਵੱਲੋਂ ਪਿੰਡ ਕਰਾੜਵਾਲਾ, ਜਿਲ੍ਹਾ ਬਠਿੰਡਾ ਵਿਖੇ ਮੁਹੱਲਾ ਕਲੀਨਿਕ ਦੀ ਮੁਰੰਮਤ ਦੇ ਕੀਤੇ ਗਏ ਕੰਮਾਂ ਸਬੰਧੀ ਅਤੇ ਬਿਜਲੀ ਦੇ ਬਿੱਲਾਂ ਨੂੰ ਪਾਸ ਕਰਨ ਬਦਲੇ ਕੁੱਲ ਰਕਮ ਦੇ 5 ਫੀਸਦ ਦੇ ਹਿਸਾਬ ਨਾਲ 12,000 ਰੁਪਏ ਬਤੌਰ ਰਿਸ਼ਵਤ ਸ਼ਿਕਾਇਤਕਰਤਾ ਦੇ ਪਿਤਾ ਡਿਪਟੀ ਸਿੰਘ ਪਾਸੋਂ ਹਾਸਲ ਕਰ ਚੁੱਕਾ ਹੈ ਅਤੇ 3 ਫੀਸਦ ਦੇ ਹਿਸਾਬ ਨਾਲ ਹੋਰ 7000 ਰੁਪਏ ਹੋਰ ਰਿਸ਼ਵਤ ਦੀ ਮੰਗ ਕੀਤੀ ਹੈ ਜਿਸਦੀ ਸ਼ਿਕਾਇਤਕਰਤਾ ਵੱਲੋਂ ਰਿਕਾਰਡਿੰਗ ਕਰ ਲਈ ਸੀ ਜੋ ਉਸਨੇ ਵਿਜੀਲੈਂਸ ਨੂੰ ਬਤੌਰ ਸਬੂਤ ਦੇ ਦਿੱਤੀ ਹੈ।

ਬੁਲਾਰੇ ਨੇ ਦੱਸਿਆ ਵਿਜੀਲੈਂਸ ਬਿਊਰੋ ਵੱਲੋਂ ਇਸ ਸ਼ਿਕਾਇਤ ਦੀ ਪੜਤਾਲ ਦੌਰਾਨ ਉਕਤ ਦੋਸ਼ੀ ਵੱਲੋਂ ਸ਼ਿਕਾਇਤਕਰਤਾ ਉਕਤ ਪਾਸੋਂ ਰਿਸ਼ਵਤ ਹਾਸਲ ਕਰਨ ਅਤੇ ਹੋਰ ਰਿਸ਼ਵਤ ਦੀ ਮੰਗ ਕਰਨਾ ਸਹੀ ਪਾਇਆ ਗਿਆ, ਜਿਸ ਦੇ ਆਧਾਰ ਉਤੇ ਰਾਜਨ ਕੁਮਾਰ ਜੇ.ਈ. ਦੇ ਖਿਲਾਫ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਥਾਣਾ ਵਿਜੀਲੈਂਸ ਬਿਊਰੋ ਰੇਂਜ਼ ਬਠਿੰਡਾ ਵਿਖੇ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ।

Scroll to Top