ਰੂਪਨਗਰ, 19 ਅਪ੍ਰੈਲ 2023: ਹਲਕਾ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ (MLA Dinesh Chadha) ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲ਼ੀ ਪੰਜਾਬ ਸਰਕਾਰ ਵਲੋਂ ਸੂਬੇ ਦੇ ਵੱਖ-ਵੱਖ ਪਿੰਡਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਨਿਰੰਤਰ ਯਤਨ ਕੀਤੇ ਜਾ ਰਹੇ ਹਨ ਤਾਂ ਜੋ ਦਿਹਾਤੀ ਇਲਾਕਿਆਂ ਦੇ ਲੋਕਾਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਮੁਹੱਈਆ ਹੋ ਸਕਣ।
ਵਿਧਾਇਕ (MLA Dinesh Chadha) ਨੇ ਦੱਸਿਆ ਕਿ ਕਿਸੇ ਵੀ ਪਿੰਡ ਦਾ ਵਿਕਾਸ ਉਥੇ ਦੀ ਪੰਚਾਇਤ ਉਤੇ ਨਿਰਭਰ ਕਰਦਾ ਹੈ ਕਿ ਕਿਵੇਂ ਪੰਚਾਇਤ ਇਮਾਨਦਾਰੀ ਅਤੇ ਪੱਖਪਾਤ ਤੋਂ ਬਿਨਾਂ ਭਾਈਚਾਰਕ ਮਾਹੌਲ ਵਿਚ ਹਰ ਵਰਗ ਦੇ ਲੋਕਾਂ ਤੱਕ ਸਰਕਾਰੀ ਸਹੂਲਤਾਂ ਪਹੁੰਚਾਉਂਦੀ ਹੈ। ਜਿਸ ਨੂੰ ਅਮਲੀ ਜਾਮਾ ਪਹਿਨਾਉਣ ਲਈ ਪੰਜਾਬ ਸਰਕਾਰ ਵਲੋਂ ਵਚਨਬੱਧਤਾ ਨਿਭਾਉਂਦੇ ਹੋਏ ਆਰ.ਜੀ.ਐਸ.ਏ ਸਕੀਮ ਅਧੀਨ ਪੰਚਾਇਤ ਘਰਾਂ ਦੀ ਉਸਾਰੀ ਕੀਤੀ ਜਾ ਰਹੀ ਹੈ ਤਾਂ ਜੋ ਪੰਚਾਇਤ ਵਧੀਆ ਮਾਹੌਲ ਵਿਚ ਕਾਰਜ ਕਰ ਸਕੇ। ਪੰਚਾਇਤ ਤੋਂ ਇਲਾਵਾ ਇਨ੍ਹਾਂ ਨਵੀਆਂ ਬਣਨ ਜਾ ਰਹੀਆਂ ਇਮਾਰਤਾਂ ਵਿਚ ਹੋਰ ਵਿਭਾਗ ਦੀ ਆਪਣੀ ਕਾਰਗੁਜ਼ਾਰੀ ਨੂੰ ਨੇਪੜੇ ਚਾੜ ਸਕਦੇ ਹਨ।
ਉਨ੍ਹਾਂ ਨਵੇਂ ਉਸਾਰੇ ਜਾਣ ਵਾਲ਼ੇ ਪੰਚਾਇਤ ਘਰਾਂ ਦੀ ਜਾਣਕਾਰੀ ਦਿੰਦੇ ਦੱਸਿਆ ਕਿ ਨੂਰਪੁਰ ਬੇਦੀ ਵਿਖੇ ਪਿੰਡ ਬੜਵਾ, ਮੁੰਨੇ ਅਤੇ ਰਾਮਪੁਰਕਲਾ ਵਿਖੇ ਜਲਦ ਉਸਾਰੀ ਸ਼ੁਰੂ ਕੀਤੀ ਜਾਵੇਗੀ। ਇਸੇ ਤਰ੍ਹਾਂ ਰੂਪਨਗਰ ਵਿਚ ਪਿੰਡ ਮਾਦਪੁਰ ਅਤੇ ਢੱਕੀ ਵਿਖੇ ਨਵੇਂ ਪੰਚਾਇਤ ਘਰ ਬਣਾਏ ਜਾਣਗੇ। ਐਡਵੋਕੇਟ ਚੱਢਾ ਨੇ ਦੱਸਿਆ ਕਿ ਇਨ੍ਹਾਂ ਪੰਚਾਇਤ ਘਰਾਂ ਦੀ ਉਸਾਰੀ ਲਈ ਆਰ.ਜੀ.ਐਸ.ਏ. ਸਕੀਮ ਤਹਿਤ ਹਰ ਇਮਾਰਤ ਦੀ ਉਸਾਰੀ ਲਈ 20 ਲੱਖ ਰੁਪਏ ਦੀ ਰਾਸ਼ੀ ਪ੍ਰਤੀ ਪੰਚਾਇਤ ਘਰ ਅਨੁਸਾਰ ਜਾਰੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਲੋੜ ਪੈਣ ਉਤੇ 20 ਲੱਖ ਤੋਂ ਇਲਾਵਾ 10 ਲੱਖ ਰੁਪਏ ਤੱਕ ਦੀ ਵਾਧੂ ਲੋੜੀਂਦੀ ਰਾਸ਼ੀ ਗ੍ਰਾਮ ਪੰਚਾਇਤ ਨੂੰ 14ਵੇਂ ਅਤੇ 15ਵੇਂ ਵਿੱਤ ਕਮਿਸ਼ਨ ਦੀ ਉਪਲੱਭਧ ਹੋਈ ਗ੍ਰਾਂਟ ਰਾਹੀਂ ਜਾਂ ਮਗਨਰੇਗਾ ਦੁਆਰਾ ਕਰ ਲਈ ਜਾਵੇਗੀ।