Samyukt Kisan Morcha

ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਫਿਲੌਰ ‘ਚ ਰੇਲਾਂ ਦਾ ਕੀਤਾ ਚੱਕਾ ਜਾਮ

ਫਿਲੌਰ , 18 ਅਪ੍ਰੈਲ 2023: ਸੰਯੁਕਤ ਕਿਸਾਨ ਮੋਰਚੇ (Samyukt Kisan Morcha) ਦੇ ਸੱਦੇ ‘ਤੇ ਅੱਜ 12 ਵਜੇ ਤੋਂ 4 ਵਜੇ ਤੱਕ ਰੇਲਾਂ ਦਾ ਚੱਕਾ ਜਾਮ ਕੀਤਾ ਗਿਆ। ਸਥਾਨਕ ਰੇਲਵੇ ਸਟੇਸ਼ਨ ‘ਤੇ ਕਿਰਤੀ ਕਿਸਾਨ ਯੂਨੀਅਨ, ਜਮਹੂਰੀ ਕਿਸਾਨ ਸਭਾ, ਭਾਰਤੀ ਕਿਸਾਨ ਯੂਨੀਅਨ ਕਾਦੀਆ, ਭਾਰਤੀ ਕਿਸਾਨ ਯੂਨੀਅਨ ਦੋਆਬਾ, ਆਲ ਇੰਡੀਆ ਕਿਸਾਨ ਸਭਾ ਵਲੋਂ ਸੁਰਜੀਤ ਸਿੰਘ ਸਮਰਾ, ਕੁਲਜੀਤ ਸਿੰਘ, ਬਲਵਿੰਦਰ ਸਿੰਘ ਸਾਬੀ, ਰਣਜੀਤ ਸਿੰਘ, ਤਰਸੇਮ ਸਿੰਘ ਢਿਲੋਂ, ਸਵਰਨ ਸਿੰਘ ਅਕਲਪੁਰੀ ਦੀ ਪ੍ਰਧਾਨਗੀ ਹੇਠ ਧਰਨਾ ਲਗਾ ਕੇ ਰੇਲ ਦਾ ਚੱਕਾ ਜਾਮ ਕੀਤਾ।

ਇਸ ਮੌਕੇ ਧਰਨੇ ਨੂੰ ਸੰਤੋਖ ਸਿੰਘ ਸੰਧੂ, ਇਕਬਾਲ ਸਿੰਘ ਢਾਡੀ, ਸੁਰਿੰਦਰ ਸਿੰਘ ਬੈਂਸ, ਜਸਵੰਤ ਸਿੰਘ ਕਾਹਲੋਂ, ਸੰਤੋਖ ਸਿੰਘ ਬਿਲਗਾ, ਕੁਲਦੀਪ ਫਿਲੌਰ, ਸਰਬਜੀਤ ਸੰਗੋਵਾਲ, ਗੁਰਨਾਮ ਸਿੰਘ ਤੱਗੜ, ਕੇਵਲ ਸਿੰਘ ਤਲਵਣ, ਪਵਿੱਤਰ ਸਿੰਘ ਜੌਹਲ, ਗੁਰਕੰਵਲ ਸਿੰਘ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਕਣਕ ਦੇ ਰੇਟ ‘ਚ ਕੱਟ ਲਗਾ ਕੇ ਕਿਸਾਨਾਂ ਨਾਲ ਧਰੋਹ ਕਮਾਇਆ ਹੈ। ਬੇਮੌਸਮੀ ਬਾਰਸ਼ ਕਾਰਨ ਇਸ ਵਾਰ ਕਿਸਾਨਾਂ ਦਾ ਭਾਰੀ ਨੁਕਸਾਨ ਹੋਇਆ ਹੈ। ਜਿਸ ਦੀ ਭਰਪਾਈ ਕਰਨ ਦੀ ਥਾਂ ਚਮਕ ਅਤੇ ਕੁਆਲਟੀ ਦੇ ਨਾਂ ‘ਤੇ ਕੱਟ ਲਗਾ ਦਿੱਤਾ ਗਿਆ ਹੈ।

ਆਗੂਆਂ ਨੇ ਕਿਹਾ ਕਿ ਔਖੇ ਵੇਲੇ ਕਿਸਾਨਾਂ ਦੀ ਮਦਦ ਕਰਨੀ ਚਾਹੀਦੀ ਸੀ ਪਰ ਸਰਕਾਰ ਨੇ ਰੇਟ ਘਟਾਉਣ ਦਾ ਪੱਤਰ ਜਾਰੀ ਕਰਕੇ ਆਪਣਾ ਕਿਸਾਨ ਵਿਰੋਧੀ ਚਿਹਰਾ ਮੋਹਰਾ ਨੰਗਾ ਕਰ ਲਿਆ ਹੈ। ਆਗੂਆਂ ਨੇ ਕਿਹਾ ਕਿ ਮਜ਼ਦੂਰਾਂ ਦੀ ਸਥਿਤੀ ਵੀ ਮਾੜੀ ਬਣ ਗਈ ਹੈ, ਜਿਸ ਲਈ ਵੀ ਸਰਕਾਰ ਵਲੋਂ ਕੋਈ ਰਾਹਤ ਦਾ ਐਲਾਨ ਨਹੀਂ ਕੀਤਾ ਗਿਆ।

ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਕੋਲ ਪਟਵਾਰੀਆਂ ਦੀ ਵੱਡੀ ਘਾਟ ਹੈ, ਜਿਸ ਨਾਲ ਠੀਕ ਢੰਗ ਨਾਲ ਗਿਰਦਾਵਰੀਆਂ ਵੀ ਨਹੀਂ ਹੋਈਆਂ, ਜਿਸ ਨਾਲ ਮਾੜੀ ਮੋਟੀ ਮਿਲਣ ਵਾਲੀ ਰਾਹਤ ਲਈ ਵੀ ਸ਼ੰਕੇ ਖੜੇ ਹੋ ਗਏ ਹਨ। ਧਰਨੇ ਦੌਰਾਨ ਰੇਲਾਂ ਦਾ ਚੱਕਾ ਜਾਮ ਰਿਹਾ। ਕਿਸਾਨ ਰੇਲਵੇ ਟਰੈਕ ‘ਤੇ ਬੈਠ ਕੇ ਆਪਣੇ ਰੋਹ ਦਾ ਪ੍ਰਗਟਾਵਾ ਕਰਦੇ ਰਹੇ। ਆਗੂਆਂ ਨੇ ਕਿਹਾ ਕਿ ਜੇ ਸਰਕਾਰ ਨੇ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਸੰਯੁਕਤ ਕਿਸਾਨ ਮੋਰਚੇ ਵਲੋਂ ਅਗਲਾ ਵੱਡਾ ਐਕਸ਼ਨ ਐਲਾਨਿਆਂ ਜਾਵੇਗਾ।

 

Scroll to Top