ਚੰਡੀਗੜ੍ਹ,10 ਅਪ੍ਰੈਲ 2023: ਫਰਾਂਸ (France) ਦੇ ਮਾਰਸੇਲੇ (Marseille) ਵਿੱਚ ਇੱਕ ਜ਼ਬਰਦਸਤ ਧਮਾਕੇ ਵਿੱਚ ਦੋ ਇਮਾਰਤਾਂ ਢਹਿ ਗਈਆਂ। ਇਮਾਰਤਾਂ ਦੇ ਮਲਬੇ ਨੂੰ ਹਟਾਉਣ ਲਈ ਰਾਹਤ ਅਤੇ ਬਚਾਅ ਕਾਰਜ ਜਾਰੀ ਹਨ। ਹਾਲਾਂਕਿ ਧਮਾਕੇ ਕਾਰਨ ਇਮਾਰਤਾਂ ਦੇ ਮਲਬੇ ਅੰਦਰ ਅੱਗ ਲੱਗ ਰਹੀ ਹੈ, ਜਿਸ ਕਾਰਨ ਰਾਹਤ ਅਤੇ ਬਚਾਅ ਕਾਰਜਾਂ ‘ਚ ਦੇਰੀ ਹੋ ਰਹੀ ਹੈ। ਹੁਣ ਤੱਕ ਮਲਬੇ ‘ਚੋਂ ਦੋ ਜਣਿਆਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ। ਇਸ ਦੇ ਨਾਲ ਹੀ ਛੇ ਜਣੇ ਅਜੇ ਵੀ ਲਾਪਤਾ ਦੱਸੇ ਜਾ ਰਹੇ ਹਨ।
ਅੱਗ ਬੁਝਾਊ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਰਾਹਤ ਅਤੇ ਬਚਾਅ ਕਾਰਜਾਂ ‘ਚ ਕਈ ਮੁਸ਼ਕਿਲਾਂ ਆਉਣ ਕਾਰਨ ਮਲਬੇ ਹੇਠਾਂ ਫਸੇ ਵਿਅਕਤੀਆਂ ਨੂੰ ਕੱਢਣ ‘ਚ ਸਮਾਂ ਲੱਗੇਗਾ। ਇਸ ਤੋਂ ਬਾਅਦ ਉਨ੍ਹਾਂ ਦੀ ਪਛਾਣ ਕੀਤੀ ਜਾਵੇਗੀ। ਤੁਹਾਨੂੰ ਦੱਸ ਦੇਈਏ ਕਿ ਸ਼ਨੀਵਾਰ ਦੇਰ ਰਾਤ ਮਾਰਸੇਲੇ ਸ਼ਹਿਰ ਦੀ ਇੱਕ ਇਮਾਰਤ ਵਿੱਚ ਜ਼ੋਰਦਾਰ ਧਮਾਕਾ ਹੋਇਆ, ਜਿਸ ਨਾਲ ਉਸ ਇਮਾਰਤ ਅਤੇ ਉਸ ਦੇ ਨੇੜੇ ਦੀ ਇੱਕ ਹੋਰ ਇਮਾਰਤ ਬੁਰੀ ਤਰ੍ਹਾਂ ਨੁਕਸਾਨੀ ਗਈ। ਧਮਾਕੇ ਦਾ ਕਾਰਨ ਅਜੇ ਸਪੱਸ਼ਟ ਨਹੀਂ ਹੋਇਆ ਹੈ ਪਰ ਜਾਂਚ ਅਧਿਕਾਰੀਆਂ ਦਾ ਮੰਨਣਾ ਹੈ ਕਿ ਧਮਾਕਾ ਗੈਸ ਲੀਕ ਹੋਣ ਕਾਰਨ ਹੋਇਆ ਹੈ। ਆਸ-ਪਾਸ ਰਹਿਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਧਮਾਕੇ ਦੇ ਬਾਅਦ ਤੋਂ ਉਹ ਗੈਸ ਦੀ ਤੇਜ਼ ਬਦਬੂ ਮਹਿਸੂਸ ਕਰ ਰਹੇ ਹਨ।
ਇਸ ਮੌਕੇ ‘ਤੇ 100 ਤੋਂ ਵੱਧ ਫਾਇਰਫਾਈਟਰ ਮੌਜੂਦ ਹਨ ਅਤੇ ਰਾਹਤ ਅਤੇ ਬਚਾਅ ਕਾਰਜਾਂ ‘ਚ ਲੱਗੇ ਹੋਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ 200 ਤੋਂ ਵੱਧ ਜਣਿਆ ਨੂੰ ਮੌਕੇ ਤੋਂ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਇਸ ਤੋਂ ਪਹਿਲਾਂ ਸਾਲ 2018 ਵਿੱਚ ਵੀ ਦੋ ਇਮਾਰਤਾਂ ਢਹਿ ਗਈਆਂ ਸਨ, ਜਿਸ ਵਿੱਚ ਅੱਠ ਜਣਿਆ ਦੀ ਮੌਤ ਹੋ ਗਈ ਸੀ। ਮੰਨਿਆ ਜਾਂਦਾ ਹੈ ਕਿ ਫਰਾਂਸ (France) ਦੇ ਮਾਰਸੇਲੇ (Marseille) ਵਿੱਚ ਇਮਾਰਤ ਦੀ ਉਸਾਰੀ ਮਿਆਰੀ ਨਹੀਂ ਹੈ ਅਤੇ ਲਗਭਗ 40,000 ਲੋਕ ਘਟੀਆ ਇਮਾਰਤਾਂ ਵਿੱਚ ਰਹਿ ਰਹੇ ਹਨ।