Kirti Kisan Forum

ਨਵੀਂ ਖੇਤੀ ਨੀਤੀ ਲਈ ਕਿਰਤੀ ਕਿਸਾਨ ਫੋਰਮ ਨੇ ਪੰਜਾਬ ਸਰਕਾਰ ਨੂੰ ਭੇਜੇ ਸੁਝਾਅ

ਚੰਡੀਗੜ੍ਹ, 04 ਅਪ੍ਰੈਲ 2023: ਸ਼ਹੀਦ ਊਧਮ ਸਿੰਘ ਭਵਨ ਵਿਖੇ ਕਿਰਤੀ ਕਿਸਾਨ ਫੋਰਮ (Kirti Kisan Forum) ਦੀ ਅੱਜ ਵਿਸੇਸ਼ ਮੀਟਿੰਗ ਪਦਮਸ਼੍ਰੀ ਆਰ ਆਈ ਸਿੰਘ ਦੀ ਪ੍ਰਧਾਨਗੀ ਹੇਠ ਕਰਦਿਆਂ ਸਮੂਹ ਹਾਜ਼ਰ ਮੈਂਬਰਾਂ ਵਲੋਂ ਗੰਭੀਰ ਵਿਚਾਰ ਵਟਾਂਦਰੇ ਉਪਰੰਤ ਪੰਜਾਬ ਸਰਕਾਰ ਨੂੰ ਖੇਤੀ ਨੀਤੀ ਬਣਾਉਣ ਲਈ ਨਿਗਰ ਸੁਝਾਅ ਭੇਜੇ ਗਏ ਹਨ।

1) ਮੀਟਿੰਗ ਦੌਰਾਨ ਸਰਵਸੰਮਤੀ ਨਾਲ ਕਿਹਾ ਗਿਆ ਕਿ ਵਰਤਮਾਨ ਪੰਜਾਬ ਦੀ ਖੇਤੀ ਨੂੰ ਅਧੁਨਿਕ ਸਮੇਂ ਦੀ ਹਾਣੀ ਬਨਾਓਣ ਲਈ ਭੂਮੀ ਸੁਧਾਰਾਂ ਦੀ ਜਰੂਰਤ ਹੈ। ਕੁਝ ਸਮਾਂ ਪਹਿਲਾਂ ਇਸ ਵਿਸ਼ੇ ਤੇ ਸਰਕਾਰ ਵਲੋਂ ਗਠਿਤ ਕੀਤੀ ਗਈ ਕਮੇਟੀ ਵਲੋਂ ਸਾਲ 2019 ਵਿਚ ਲਿਖਤੀ ਸਿਫਾਰਸ਼ਾਂ ਵੀ ਭੇਜੀਆਂ ਸਨ ਪਰ ਓਨਾਂ ਤੇ ਅਮਲ ਨਹੀਂ ਹੋ ਸਕਿਆ। ਫੋਰਮ ਵਲੋਂ ਇੰਨਾਂ ਸਿਫਾਰਸ਼ਾਂ ਦੇ ਅਧਾਰ ਤੇ ਭੂਮੀਂ ਸੁਧਾਰ ਲਿਆਉਣ ਲਈ ਕਿਹਾ ਗਿਆ ਹੈ। ਖੇਤ-ਜੋਤਾਂ ਇੰਨੀਆਂ ਛੋਟੀਆਂ ਅਤੇ ਖਿਲਰੀਆਂ ਹਨ ਕਿ ਹਰ ਕਿਸਾਨ ਪੂੰਜੀ ਨਿਵੇਸ਼ ਕਰਨ ਤੋਂ ਹਿਚਕਚਾਓਂਦਾ ਹੈ। ਪੂੰਜੀ ਨਿਵੇਸ਼ ਤੇ ਤਕਨਾਲੋਜੀ ਦੀ ਵਰਤੋ ਹੀ ਵਰਤਮਾਨ ਖੇਤੀ ਖੜੋਤ ਨੂੰ ਤੋੜ ਸਕਦੀ ਹੈ।

2) ਹਰੇ ਇਨਕਲਾਬ ਨੇ ਪੰਜਾਬ ਦੇ ਕਿਸਾਨਾਂ ਨੂੰ ਉਤਪਾਦਕ ਤਾਂ ਬਣਾ ਦਿਤਾ ਪਰ ਉਨਾਂ ਨੂੰ ਆਪਣੀ ਉਪਜ ਨੂੰ ਪ੍ਰੋਸੈਸਿੰਗ ਰਾਹੀਂ ਮੁਲਵਾਨ ਬਣਾ ਕੇ ਮਾਰਕੀਟਿੰਗ ਕਰਨੀ ਨੀ ਸਿਖਾਈ। ਫੋਰਮ ਵਲੋਂ ਸਿਫਾਰਸ਼ ਕੀਤੀ ਗਈ ਹੈ ਕਿ ਹਰ ਬਲਾਕ ਵਿਚ ਕਿਸਾਨਾਂ ਨੂੰ ਆਪਣੇ ਉਤਪਾਦ ਨੂੰ ਵੈਲਿਊ ਐਡੀਸ਼ਨ ਦੀ ਟ੍ਰੇਨਿੰਗ ਹੋਵੇ ਅਤੇ ਮੰਡੀਕਰਨ ਲਈ ਢੁਕਵੇਂ ਇੰਤਜ਼ਾਮ ਕੀਤੇ ਜਾਣ ਦੀ ਵਿਵਸਥਾ ਹੋਵੇ।

3) ਪੰਜਾਬ ਨੇ ਅਗੇ ਹੋ ਕੇ ਅਧੀ ਸਦੀ ਦੌਰਾਨ ਦੇਸ਼ ਦੀ ਭੁਖ ਮਰੀ ਖਤਮ ਕਰਨ ਲਈ ਉਨਾਂ ਫਸਲਾਂ ਨੂੰ ਉਗਾਇਆ ਜਿਹੜੀਆਂ ਸੂਬੇ ਦੇ ਜਲਵਾਯੂ ਦੇ ਅਨਕੂਲ ਨਹੀਂ ਸਨ।ਐਨਾ ਕੀਟਨਾਸ਼ਕ ਛਿੜਕਿਆ ਗਿਆ ਕਿ ਧਰਤੀ ਹੇਠਲਾ ਪਾਣੀ ਤੇ ਹਵਾ ਜ਼ਹਿਰੀਲੇ ਹੋ ਗਏ।ਉਪਜਾਂ ਵਧਾਉਣ ਲਈ ਰਸਾਇਣਕ ਖਾਦਾਂ ਨੇ ਵਿਰਸਤੀ ਜੀਵ ਜੰਤੂ ਅਤੇ ਰੁਖ ਤਬਾਹ ਕਰ ਦਿਤੇ। ਫੋਰਮ ਨੇ ਸਿਫਾਰਸ਼ ਕੀਤੀ ਹੈ ਕਿ ਜਿਹੜੀਆਂ ਫਸਲਾਂ ਸੂਬੇ ਦੇ ਜਲਵਾਯੂ ਲਈ ਢੁਕਵੀਆਂ ਹਨ,ਓਹੀ ਬੀਜਣ ਦੀ ਸਿਫਾਰਸ਼ ਕੀਤੀ ਜਾਵੇ। ਝੋਨੇ ਥਲੇ ਰਕਬੇ ਨੂੰ ਅਗਲੇ ਸਾਲਾਂ ਵਿਚ ਘਟਾ ਕੇ ਅਧਾ ਕੀਤਾ ਜਾਵੇ। ਤੇਲ ਦੇ ਬੀਜਾਂ ਅਤੇ ਦਾਲਾਂ ਦੀ ਕਾਸ਼ਤ ਨੂੰ ਉਤਸ਼ਾਹਿਤ ਕੀਤਾ ਜਾਵੇ।ਢੁਕਵੀਆਂ ਫਸਲਾਂ ਦੀ ਸ਼ਨਾਖਤ ਲਈ ਮਾਹਿਰਾਂ ਦੀ ਕਮੇਟੀ ਦਾ ਗਠਨ ਕੀਤਾ ਜਾਵੇ।

4) ਪੰਜਾਬ ਦੀ ਖੇਤੀ ਬਾੜੀ ਅਤੇ ਕਿਸਾਨ ਮਜਦੂਰ ਤਾਂ ਹੀ ਸੁਖ ਦਾ ਸਾਹ ਲੈ ਸਕਦੇ ਹਨ ਜੇਕਰ ਓਨਾਂ ਦੇ ਉਤਪਾਦ ਸੜਕੀ ਰਸਤੇ ਰਾਹੀਂ ਅੰਤਰਰਾਸ਼ਟਰੀ ਮਾਰਕੀਟ ਵਿਚ ਜਾਣ। ਪਛਮੀਂ ਸਰਹਦ ਰਾਹੀਂ ਅਨਾਜ,ਸਬਜੀਆਂ,ਫਲ ਫਰੂਟ ਸੌਖਿਆਂ ਮਧ -ਏਸ਼ੀਆਂ ਅਤੇ ਕਕੇਸ਼ੀਅਨ (ਸਾਬਕਾ ਸੋਵੀਅਤ) ਦੇਸ਼ਾਂ ਵਿਚ ਪਹੁੰਚ ਸਕਦੇ ਹਨ। ਜੇਕਰ ਪੈਰਿਸ਼ੈਬਲ ਉਤਪਾਦਾਂ ਨੂੰ ਹਵਾਈ ਰਸਤੇ ਰਾਹੀਂ ਮਿਡਲ ਈਸਟ ਪਹੁੰਚਦਾ ਕੀਤਾ ਜਾਵੇ ਤਾਂ ਕਿਸਾਨ ਆਪਣੇ ਆਪ ਸਬਜੀਆਂ ਅਤੇ ਫੁਲਾਂ ਦੀ ਖੇਤੀ ਕਰਨ ਲਗ ਜਾਣਗੇ। ਜਿਹੜਾ ਜੋਰ ਹੁਣ ਵੰਨ ਸਵੰਨੀ ਖੇਤੀ ਲਈ ਲਗਾ ਰਹੇ ਹਾਂ ਓਹੀ ਜੋਰ ਆਲਮੀ ਸਰਹਦਾਂ ਨੂੰ ਵਪਾਰ ਲਈ ਖੋਲਣ ਵਾਸਤੇ ਲਾਇਆ ਜਾਵੇ।

5) ਕੁਦਰਤੀ ਅਤੇ ਜੈਵਿਕ ਖੇਤੀ ਨੂੰ ਉਤਸ਼ਾਹਿਤ ਕੀਤਾ ਜਾਵੇ। ਪੰਜਾਬੀਆਂ ਦੀ ਸਿਹਤ ਵਿਚ ਪਿਛਲੇ ਤਿੰਨ ਦਹਾਕਿਆਂ ਵਿਚ ਆਏ ਵਿਗਾੜ ਪਿਛੇ ਧਰਤੀ ਹੇਠਲਾ ਪਾਣੀ ਅਤੇ ਹਵਾ ਜਹਿਰੀਲਾ ਹੋਣਾ ਹੈ। ਸਾਡੀਆਂ ਵਿਰਾਸਤੀ ਫਸਲਾਂ ਅਤੇ ਰੁਖਾਂ ਨੂੰ ਉਗਾਓਣ ਲਈ ਲੋੜੀਦੇ ਕਦਮ ਪੁਟੇ ਜਾਣ।

6) ਪੰਜਾਬ ਦੀ ਅਧਿਓਂ ਵਧ ਵਸੋਂ ਖੇਤੀ ਤੇ ਨਿਰਭਰ ਕਰਦੀ ਹੈ। ਖੇਤੀ ਉਪਜ ਦੀ ਖੜੋਤ ਅਤੇ ਆਮਦਨ ਘਟਣ ਨਾਲ ਕਿਸਾਨਾਂ ਵਿਚ ਨਿਰਾਸ਼ਤਾ ਦਾ ਆਲਮ ਪੈਦਾ ਹੋ ਰਿਹਾ ਹੈ। ਸਹਾਇਕ ਧੰਦੇ ਅਪਨਾਉਣ ਲਈ ਕਿਸਾਨਾਂ ਨੂੰ ਵਿਆਜ ਮੁਕਤ ਕਰਜੇ ਦਿਤੇ ਜਾਣ ਤਾਂ ਜੋ ਖੇਤੀ ਤੋਂ ਵਾਧੂ ਭਾਰ ਘਟੇ ਅਤੇ ਨੌਜਵਾਨਾਂ ਵਿਚ ਫੈਲ ਰਹੀ ਨਿਰਾਸ਼ਤਾਂ ਨੂੰ ਮੋੜਾ ਪਾਇਆ ਜਾ ਸਕੇ।

7) ਪਿਛਲੇ ਸਮੇਂ ਵਿਚ ਭਾਵੇਂ ਸਹਿਕਾਰੀ ਖੇਤੀ ਕਿਸਾਨਾਂ ਵਿਚ ਪੈਰ ਨਹੀਂ ਜਮਾ ਸਕੀ ਪਰ ਪੰਜਾਬ ਦੀ ਖੇਤੀ ਦੀ ਲਾਗਤ ਘਟਾਉਣ ਅਤੇ ਕਿਸਾਨਾਂ ਦੀ ਆਮਦਨ ਵਧਾਓਣ ਦਾ ਇਕੋ ਹੀ ਰਾਹ ਹੈ —ਸਹਿਕਾਰੀ ਲਹਿਰ ਨੂੰ ਕਾਮਯਾਬ ਕਰਨਾ। ਸਹਿਕਾਰੀ ਖੇਤੀ ਸਭਾਵਾਂ ਨੂੰ ਸਰਕਾਰ ਦੇ ਦਬਦਬਾ ਵਿਚੋਂ ਕਢ ਕੇ ਵਾਸਤਿਵ ਵਿਚ ਸਹਿਕਾਰੀ ਬਣਾਇਆ ਜਾਵੇ ਜਿੰਨਾਂ ਦਾ ਸੰਚਾਲਨ ਖੁਦ ਕਿਸਾਨ ਆਪ ਕਰਨ। ਸਹਿਕਾਰੀ ਖੇਤੀ ਅਤੇ ਪ੍ਰੋਸੈਸਿੰਗ/ਮਾਰਕੀਟਿੰਗ ਸਭਾਵਾਂ ਨੂੰ ਮੁੜ ਪੈਰਾਂ ਤੇ ਖੜਾ ਕੀਤਾ ਜਾਵੇ।

8 ) ਜਿਸ ਸੂਬੇ ਚ ਅਧਿਓਂ ਵਧ ਲੋਕਾਂ ਦੀ ਸਰੀਰਕ ਅਤੇ ਮਾਨਸਿਕ ਸਿਹਤ ਖੇਤੀ ਨਾਲ ਜੁੜੀ ਹੋਵੇ,ਖੇਤੀ ਸਿਸਟਮ ਦਾ ਫੇਲ ਹੋਣਾ ,ਸਮਾਜਿਕ ਵਿਵਸਥਾ ਵਿਗਾੜ ਸਕਦਾ ਹੈ।ਕੈਂਸਰ,ਬਲਡ ਪਰੈਸ਼ਰ, ਦਿਲ ਦੇ ਰੋਗਾਂ ਦੇ ਫੈਲਾਅ ਦਾ ਮੁਖ ਕਾਰਨ ਪੌਸ਼ਟਿਕ ਖੁਰਾਕ ਦੀ ਅਣਹੋਂਦ ਹੈ। ਨਵੀਂ ਖੇਤੀ ਨੇ ਲਖਾਂ ਟਣ ਅਨਾਜ ਪੈਦਾ ਕਰਕੇ ਭੁਖ ਮਰੀ ਤਾਂ ਦੂਰ ਕਰ ਦਿਤੀ ਪਰ ਪੰਜਾਬੀ ਆਪ ਖੁਦ ਬੀਮਾਰੀਆਂ ਵਿਚ ਜਕੜੇ ਗਏ।ਆਪਣਾ ਵਿਰਾਸਤੀ ਖਾਣ -ਪੀਣ ਭੁਲਕੇ ਬਰਗਰ,ਕੋਕਾਕੋਲਾ ਪੀਣ ਲਗ ਪਏ। ਫੋਰਮ ਵਲੋਂ ਸਿਫਾਰਸ਼ ਕੀਤੀ ਗਈ ਹੈ ਕਿ ਸਰਕਾਰ ਆਪਣੇ ਸਿਹਤ ਵਿਭਾਗ ਰਾਹੀਂ ਸੂਬੇ ਦੇ ਲੋਕਾਂ ਵਿਚ ਪੌਸ਼ਟਿਕ ਖੁਰਾਕ ਦਾ ਪ੍ਰਚਾਰ ਕਰੇ।

ਗੰਭੀਰ ਵਿਚਾਰ ਵਟਾਂਦਰੇ ਲਈ ਅੱਜ ਦੀ ਮੀਟਿੰਗ ਵਿਚ ਹੇਠ ਲਿਖੇ ਮੈਂਬਰ ਸ਼ਾਮਲ ਹੋਏ-

1)ਅਭਿਨਾਸ਼ ਮੋਹਾਨੇ ਸਾਬਕਾ ਡੀ ਜੀ ਪੀ
2)ਕੁਲਬੀਰ ਸਿੰਘ ਸਿਧੂ,ਸਾਬਕਾ ਕਮਿਸ਼ਨਰ
3) ਜੀ ਐਸ ਪੰਧੇਰ ,ਸਾਬਕਾ ਡੀ ਜੀ ਪੀ
4)ਇਕਬਾਲ ਸਿੰਘ ਸਿਧੂ,ਸਾਬਕਾ ਡੀ ਸੀ
5)ਬ੍ਰਿਗੇਡੀਅਰ ਜੀ ਜੇ ਸਿੰਘ
6) ਬ੍ਰਿਗੇ. ਹਰਵੰਤ ਸਿੰਘ
7) ਬ੍ਰਿਗੇ.ਐਮ ਐਸ ਡੁਲਟ
8 )ਜੀ ਕੇ ਸਿੰਘ ਧਾਲੀਵਾਲ
9) ਡਾ.ਕਰਮਜੀਤ ਸਿੰਘ ਸਰਾਂ
10 )ਅਮਰ ਸਿੰਘ ਚਾਹਲ
11)ਗੁਰਬੀਰ ਸਿੰਘ ਸੰਧੂ
12)ਕਰਨਲ ਐਮ ਐਸ ਗੁਰੋਂ
13)ਪਰਵਿੰਦਰ ਸਿੰਘ ਵੜੈਚ
14)ਜਰਨੈਲ ਸਿੰਘ

ਵਿਦੇਸ਼

Scroll to Top