July 7, 2024 2:11 am
Afghanistan

Afghanistan: ਤਾਲਿਬਾਨ ਨੇ ਇਕਲੌਤੇ ਔਰਤਾਂ ਦੇ ਰੇਡੀਓ ਸਟੇਸ਼ਨ ਨੂੰ ਬੰਦ ਕਰਨ ਦੇ ਦਿੱਤੇ ਹੁਕਮ

ਚੰਡੀਗੜ੍ਹ, 03 ਅਪ੍ਰੈਲ 2023: ਅਫਗਾਨਿਸਤਾਨ (Afghanistan)  ਵਿਚ ਤਾਲਿਬਾਨ ਦੇ ਸ਼ਾਸਨ ਵਿਚ ਔਰਤਾਂ ਦੀ ਹਾਲਤ ਦਿਨੋ-ਦਿਨ ਤਰਸਯੋਗ ਹੁੰਦੀ ਜਾ ਰਹੀ ਹੈ। ਹੁਣ ਖ਼ਬਰ ਸਾਹਮਣੇ ਆ ਰਹੀ ਹੈ ਕਿ ਤਾਲਿਬਾਨ ਨੇ ਅਫਗਾਨਿਸਤਾਨ ਦੇ ਉੱਤਰੀ-ਪੱਛਮੀ ਖੇਤਰ ‘ਚ ਸਥਿਤ ਇਕਲੌਤੇ ਔਰਤਾਂ ਦੇ ਰੇਡੀਓ ਸਟੇਸ਼ਨ ਨੂੰ ਬੰਦ ਕਰਨ ਦਾ ਹੁਕਮ ਦਿੱਤਾ ਹੈ। ਅਲ ਜਜ਼ੀਰਾ ਦੇ ਮੁਤਾਬਕ ਤਾਲਿਬਾਨ ਦਾ ਦੋਸ਼ ਹੈ ਕਿ ਰਮਜ਼ਾਨ ਦੇ ਪਵਿੱਤਰ ਮਹੀਨੇ ਦੌਰਾਨ ਔਰਤਾਂ ਦੇ ਰੇਡੀਓ ਸਟੇਸ਼ਨ ਨੇ ਸੰਗੀਤ ਵਜਾਇਆ ਹੈ । ਹਾਲਾਂਕਿ ਮਹਿਲਾ ਰੇਡੀਓ ਸਟੇਸ਼ਨ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਹੈ।

ਖਬਰਾਂ ਮੁਤਾਬਕ ਅਫਗਾਨਿਸਤਾਨ (Afghanistan) ਦਾ ਰੇਡੀਓ ਸਟੇਸ਼ਨ ਸਦਾਈ ਬਨੋਵਾਨ ਪਿਛਲੇ ਦਸ ਸਾਲਾਂ ਤੋਂ ਕੰਮ ਕਰ ਰਿਹਾ ਸੀ। ਸਦਾ ਬਨੋਵਨ ਦਾ ਅਰਥ ਹੈ ਔਰਤਾਂ ਦੀ ਆਵਾਜ਼। ਇਸ ਰੇਡੀਓ ਸਟੇਸ਼ਨ ਦੇ ਅੱਠ ਮੁਲਾਜ਼ਮਾਂ ਵਿੱਚੋਂ ਛੇ ਔਰਤਾਂ ਸਨ। ਉੱਤਰੀ ਪੱਛਮੀ ਸੂਬੇ ਦੇ ਸੂਚਨਾ ਅਤੇ ਸੱਭਿਆਚਾਰ ਦੇ ਨਿਰਦੇਸ਼ਕ ਮੋਈਜ਼ੂਦੀਨ ਅਹਿਮਦੀ ਦਾ ਕਹਿਣਾ ਹੈ ਕਿ ਰੇਡੀਓ ਸਟੇਸ਼ਨ ਵਾਰ-ਵਾਰ ਇਸਲਾਮਿਕ ਅਮੀਰਾਤ ਦੇ ਕਾਨੂੰਨਾਂ ਦੀ ਉਲੰਘਣਾ ਕਰ ਰਿਹਾ ਸੀ। ਉਸ ਨੇ ਰਮਜ਼ਾਨ ਦੇ ਮਹੀਨੇ ਵਿਚ ਸੰਗੀਤ ਵਜਾ ਕੇ ਨਿਯਮਾਂ ਦੀ ਵੀ ਉਲੰਘਣਾ ਕੀਤੀ ਹੈ। ਜਿਸ ਤਹਿਤ ਰੇਡੀਓ ਸਟੇਸ਼ਨ ਬੰਦ ਕਰ ਦਿੱਤਾ ਗਿਆ ਹੈ।

ਅਹਿਮਦੀ ਨੇ ਇਹ ਵੀ ਕਿਹਾ ਕਿ ਰੇਡੀਓ ਸਟੇਸ਼ਨ ਨੂੰ ਦੁਬਾਰਾ ਕੰਮ ਕਰਨ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ ਜੇਕਰ ਇਹ ਭਵਿੱਖ ਵਿੱਚ ਇਸਲਾਮੀ ਅਮੀਰਾਤ ਦੇ ਕਾਨੂੰਨਾਂ ਦੀ ਪਾਲਣਾ ਕਰਨ ਦੀ ਗਾਰੰਟੀ ਦਿੰਦਾ ਹੈ। ਦੂਜੇ ਪਾਸੇ ਮਹਿਲਾ ਰੇਡੀਓ ਸਟੇਸ਼ਨ ਦੀ ਮੈਨੇਜਰ ਨਾਜ਼ੀਆ ਸੋਰੋਸ਼ ਨੇ ਕਾਨੂੰਨ ਦੀ ਉਲੰਘਣਾ ਦੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਹੈ ਕਿ ਉਸ ਦਾ ਰੇਡੀਓ ਸਟੇਸ਼ਨ ਸਾਜ਼ਿਸ਼ ਦੇ ਤਹਿਤ ਬੰਦ ਕੀਤਾ ਗਿਆ ਹੈ। ਨਾਜ਼ੀਆ ਸੋਰੋਸ਼ ਨੇ ਰਮਜ਼ਾਨ ਦੇ ਮਹੀਨੇ ਦੌਰਾਨ ਸੰਗੀਤ ਵਜਾਉਣ ਦੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ । ਅਫਗਾਨ ਸਰਕਾਰ ਦੇ ਪਤਨ ਅਤੇ ਤਾਲਿਬਾਨ ਦੇ ਸੱਤਾ ਵਿਚ ਆਉਣ ਤੋਂ ਬਾਅਦ, ਉਥੇ ਮਨੁੱਖੀ ਅਧਿਕਾਰਾਂ ਦੀ ਸਥਿਤੀ ਲਗਾਤਾਰ ਵਿਗੜ ਰਹੀ ਹੈ। ਖਾਸ ਕਰਕੇ ਔਰਤਾਂ ਅਤੇ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।