Dr. Baljit Kaur

ਬਰਸਾਤ ਤੇ ਗੜ੍ਹੇਮਾਰੀ ਕਾਰਨ ਹੋਏ ਫ਼ਸਲੀ ਨੁਕਸਾਨ ਦਾ ਹਰ ਕਿਸਾਨ ਨੂੰ ਬਣਦਾ ਮੁਆਵਜ਼ਾ ਮਿਲੇਗਾ : ਡਾ. ਬਲਜੀਤ ਕੌਰ

ਮਲੋਟ/ਸ੍ਰੀ ਮੁਕਤਸਰ ਸਾਹਿਬ 29 ਮਾਰਚ 2023: ਪੰਜਾਬ ਸਰਕਾਰ ਬੇਰੁਜ਼ਗਾਰੀ ਨੂੰ ਖਤਮ ਕਰਨ ਲਈ ਯਤਨਸ਼ੀਲ ਹੈ ਅਤੇ ਬੇਰੁਜ਼ਗਾਰਾਂ ਨੂੰ ਆਪਣੇ ਪੈਰਾ ’ਤੇ ਖੜ੍ਹਾ ਕਰਨ ਲਈ ਹਰ ਸੰਭਵ ਸਹਾਇਤਾ ਕਰ ਰਹੀ ਹੈ, ਇਹਨਾਂ ਗੱਲਾਂ ਦਾ ਪ੍ਰਗਟਾਵਾ ਡਾ.ਬਲਜੀਤ ਕੌਰ (Dr. Baljit Kaur) ਸਮਾਜਿਕ ਨਿਆਂ, ਸਸ਼ਕਤੀਕਰਨ ਅਤੇ ਘੱਟ ਗਿਣਤੀ, ਸਮਾਜਿਕ ਸੁਰੱਖਿਆ ਔਰਤਾਂ ਅਤੇ ਬਾਲ ਵਿਕਾਸ ਮੰਤਰੀ ਪੰਜਾਬ ਨੇ ਵਾਲਮੀਕਿ ਭਵਨ, ਗੁਰੂ ਰਵੀਦਾਸ ਨਗਰ, ਮਲੋਟ ਵਿਖੇ ਰਿਕੋਗਨੀਸ਼ਨ ਆਫ਼ ਪ੍ਰਾਈਅਰ ਲਰਨਿੰਗ (ਆਰ.ਪੀ.ਐਲ) ਪੰਜਾਬੀ ਜੁੱਤੀ ਬਣਾਉਣ ਦੇ ਕੋਰਸ ਦਾ ਉਦਘਾਟਨ ਮੌਕੇ ਕੀਤਾ।

ਇਸ ਮੌਕੇ ਐਸ.ਡੀ.ਐਮ. ਮਲੋਟ ਸ. ਕੰਵਰਜੀਤ ਸਿੰਘ ਨੇ ਆਏ ਹੋਏ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦਾ ਬਹੁਤ ਵਧੀਆ ਉਪਰਾਲਾ ਹੈ, ਇਸ ਤਹਿਤ ਬੇਰੁਜ਼ਗਾਰਾਂ ਨੂੰ ਇਸ ਸਿਖਲਾਈ ਕੋਰਸ ਦਾ ਵੱਧ ਤੋਂ ਵੱਧ ਲਾਭ ਲੈਣਾ ਚਾਹੀਦਾ ਹੈ| ਇਸ ਉਦਘਾਟਨੀ ਸਮਾਗਮ ਮੌਕੇ ਡੋਰਿਕ ਮਲਟੀਮੀਡੀਆ ਪ੍ਰਾਈਵੇਟ ਲਿਮਟਿਡ ਤੋਂ ਸਰਬਜੀਤ ਸਿੰਘ ਗੁਲਾਟੀ, ਬਲਾਕ ਪ੍ਰਧਾਨ ਕਰਮਜੀਤ ਸ਼ਰਮਾ, ਸਤਗੁਰਦੇਵ ਸਿੰਘ ਪੱਪੀ, ਹਾਜ਼ਰ ਸਨ।

ਇਸ ਮੌਕੇ ਉਹਨਾਂ ਕਿਹਾ ਕਿ ਇਹ ਕੋਰਸ ਪੰਜਾਬ ਹੁਨਰ ਵਿਕਾਸ ਮਿਸ਼ਨ ਅਤੇ ਡੋਰਿਕ ਮਲਟੀਮੀਡੀਆ ਪ੍ਰਾਈਵੇਟ ਲਿਮਟਿਡ ਲੁਧਿਆਣਾ ਨੇ ਲਾਗੂ ਕੀਤਾ ਹੈ ਅਤੇ ਇਸ ਕੋਰਸ ਤਹਿਤ ਜੁੱਤੀਆਂ ਦੇ ਕਿੱਤੇ ਨੂੰ ਪ੍ਰਫੁੱਲਤ ਕਰਨ ਲਈ ਬੇਰੁਜ਼ਗਾਰਾਂ ਨੂੰ ਮੁਫਤ ਸਿਖਲਾਈ ਦਿੱਤੀ ਜਾਵੇਗੀ ਤਾਂ ਜੋ ਇਹ ਵਿਅਕਤੀ ਸਿਖਲਾਈ ਪ੍ਰਾਪਤ ਕਰਨ ਤੋਂ ਬਾਅਦ ਆਪਣੇ ਖੁਦ ਦਾ ਕਾਰੋਬਾਰ ਕਰ ਸਕਣ।

ਕੈਬਨਿਟ ਮੰਤਰੀ (Dr. Baljit Kaur) ਨੇ ਕਿਹਾ ਇਸ ਕੋਰਸ ਤਹਿਤ ਜੋ ਵਿਅਕਤੀ ਜੁੱਤੀਆਂ ਬਨਾਉਣ ਦੀ ਸਿਖਲਾਈ ਪ੍ਰਾਪਤ ਕਰ ਲਵੇਗਾ, ਉਸਨੂੰ ਪੰਜਾਬ ਹੁਨਰ ਵਿਕਾਸ ਮਿਸ਼ਨ ਦੁਆਰਾ ਸਰਟੀਫਿਕੇਟ ਦਿੱਤਾ ਜਾਵੇਗਾ ਅਤੇ ਇਸ ਸਰਟੀਫਿਕੇਟ ਦੇ ਆਧਾਰ ਤੇ ਬੇਰੁਜ਼ਗਾਰ ਵਿਆਕਤੀ ਕਿਸੇ ਵੀ ਬੈਂਕ ਜਾਂ ਸੰਸਥਾ ਤੋਂ ਕਰਜਾ ਪ੍ਰਾਪਤ ਕਰਕੇ ਆਪਣੇ ਖੁਦ ਦਾ ਕਾਰੋਬਾਰ ਕਰ ਸਕਣਗੇ ਅਤੇ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਗਈਆਂ ਸਕੀਮਾਂ ਦੇ ਲਾਭ ਤੋਂ ਵਾਂਝੇ ਨਹੀਂ ਰਹਿਣਗੇ।

ਇਸ ਉਪਰੰਤ ਡਾ. ਬਲਜੀਤ ਕੌਰ ਨੇ ਬੇਮੌਸਮੀ ਬਰਸਾਤ ਅਤੇ ਗੜ੍ਹੇਮਾਰ ਪ੍ਰਭਾਵਿਤ ਪਿੰਡ ਦਾਨੇਵਾਲਾ, ਰੱਥੜੀਆਂ, ਕਿੰਗਰਾ ਅਤੇ ਮੱਲਵਾਲਾ, ਈਨਾ ਖੇੜਾ ਅਤੇ ਪਿੰਡ ਥੇਹੜੀ ਪਿੰਡਾਂ ਦਾ ਦੌਰਾ ਕੀਤਾ ਅਤੇ ਖਰਾਬੇ ਦਾ ਜਾਇਜਾ ਲਿਆ।ਉਨ੍ਹਾਂ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਬਰਸਾਤ ਅਤੇ ਗੜ੍ਹੇਮਾਰ ਨਾਲ ਹੋਏ ਖਰਾਬੇ ਦੀ ਭਰਪਾਈ ਲਈ ਲੋੜਵੰਦਾਂ ਦੀ ਸਹਾਇਤਾ ਕਰ ਰਹੀ ਹੈ ਅਤੇ ਜਲਦੀ ਤੋਂ ਜਲਦੀ ਸਰਕਾਰ ਦੁਆਰਾ ਉਨ੍ਹਾਂ ਨੂੰ ਮੁਆਵਜਾ ਦਿੱਤਾ ਜਾਵੇਗਾ। ਇਸ ਮੌਕੇ ਉਨ੍ਹਾਂ ਤੁਰੰਤ ਉੱਚ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਕਿ ਬਿਨ੍ਹਾਂ ਕਿਸੇ ਦੇਰੀ ਤੋਂ ਬਰਸਾਤ ਅਤੇ ਗੜ੍ਹੇਮਾਰ ਨਾਲ ਖਰਾਬ ਹੋਈਆਂ ਫ਼ਸਲਾਂ ਦੀ ਗਿਰਦਾਵਰੀ ਕਰਵਾਈ ਜਾਵੇ ਤਾਂ ਜੋ ਕਿਸਾਨਾਂ ਨੂੰ ਮੁਆਵਜਾ ਦਿੱਤਾ ਜਾ ਸਕੇ।

Scroll to Top