ਚੰਡੀਗੜ੍ਹ, 28 ਮਾਰਚ 2023: ਪੰਜਾਬ ਅਤੇ ਹਰਿਆਣਾ ਹਾਈਕੋਰਟ (Punjab-Haryana High Court) ਵਿੱਚ ਪਹਿਲੀ ਵਾਰ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਕੀਤੀ ਗਈ ਹੈ। ਹਾਈਕੋਰਟ ਨੇ ਇੱਕ ਕਤਲ ਕੇਸ ਵਿੱਚ ਜ਼ਮਾਨਤ ਦੀ ਅਰਜ਼ੀ ਦਾ ਫੈਸਲਾ ਕਰਨ ਲਈ ਚੈਟਜੀਪੀਟੀ ਦੀ ਵਰਤੋਂ ਕਰਕੇ ਨਿਆਂਇਕ ਅਭਿਆਸ ਵਿੱਚ ਇੱਕ ਨਵੀਂ ਪਹਿਲ ਕੀਤੀ। ਚੈਟਜੀਪੀਟੀ ਤੋਂ ਮਿਲੇ ਜਵਾਬ ‘ਤੇ ਹਾਈਕੋਰਟ ਨੇ ਕਤਲ ਮਾਮਲੇ ‘ਚ ਦੋਸ਼ੀ ਦੀ ਜ਼ਮਾਨਤ ਪਟੀਸ਼ਨ ਖਾਰਜ ਕਰ ਦਿੱਤੀ ਹੈ।
ਪੰਜਾਬ ਅਤੇ ਹਰਿਆਣਾ ਹਾਈਕੋਰਟ (Punjab-Haryana High Court) ਦੇ ਜਸਟਿਸ ਅਨੂਪ ਚਿਤਕਾਰਾ ਦੀ ਬੈਂਚ ਅੱਗੇ ਲੁਧਿਆਣਾ ਵਿੱਚ ਦਰਜ ਕੇਸ ਵਿੱਚ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਗਈ ਸੀ । ਸੁਣਵਾਈ ਲਈ, ਹਾਈਕੋਰਟ ਨੇ ਚੈਟਜੀਪੀਟੀ ਤੋਂ ਅਪਰਾਧ ਦੀ ਬੇਰਹਿਮੀ ਅਤੇ ਜ਼ਮਾਨਤ ‘ਤੇ ਇਸ ਦੇ ਪ੍ਰਭਾਵ ਬਾਰੇ ਪੁੱਛਿਆ। ਇਸ ‘ਤੇ ਚੈਟਜੀਪੀਟੀ ਤੋਂ ਮਿਲੇ ਜਵਾਬ ਤੋਂ ਬਾਅਦ ਦੋਸ਼ੀ ਦੀ ਜ਼ਮਾਨਤ ਪਟੀਸ਼ਨ ਖਾਰਜ ਕਰ ਦਿੱਤੀ ਗਈ। ਜਸਟਿਸ ਨੇ ਦੋਸ਼ੀ ਦੇ ਜ਼ੁਰਮ ਨੂੰ ਜ਼ਮਾਨਤ ਦੇ ਯੋਗ ਨਹੀਂ ਮੰਨਿਆ। ਜ਼ਿਕਰਯੋਗ ਹੈ ਕਿ ਕਈ ਦੇਸ਼ਾਂ ਦੀਆਂ ਅਦਾਲਤਾਂ ਨੇ ਕੇਸਾਂ ਦੀ ਸੁਣਵਾਈ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਕੀਤੀ ਹੈ ਪਰ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਅਜਿਹਾ ਪਹਿਲੀ ਵਾਰ ਹੋਇਆ ਹੈ।