Ashwani Sharma

ਪਿੰਡ ਕੋਟਲੀ ਕਲਾਂ ਵਿਖੇ ਮਾਸੂਮ ਬੱਚੇ ਦੇ ਕਤਲ ਨੇ ਸਾਨੂੰ ਸਭ ਨੂੰ ਝੰਜੋੜ ਕੇ ਰੱਖ ਦਿੱਤਾ:ਅਸ਼ਵਨੀ ਸ਼ਰਮਾ

ਮਾਨਸਾ,18 ਮਾਰਚ 2023: ਮਾਨਸਾ ਦੇ ਪਿੰਡ ਕੋਟਲੀ ਕਲਾਂ (Kotli Kalan) ਵਿਖੇ ਮਾਸੂਮ ਬੱਚੇ ਦੇ ਕਤਲ ‘ਤੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ (Ashwani Sharma) ਨੇ ਕਿਹਾ ਕਿ ਇਸ ਮਾੜੀ ਘਟਨਾ ਨੇ ਪੰਜਾਬੀਆ ਨੂੰ ਦਹਿਲਾ ਕੇ ਰੱਖ ਦਿੱਤਾ ਹੈ ।ਉਹਨਾਂ ਕਿਹਾ ਪੰਜਾਬ ਭਾਜਪਾ ਇਸ ਦੀ ਘੋਰ ਨਿੰਦਾ ਕਰਦੀ ਹੈ ,ਦੁੱਖ ਦੀ ਇਸ ਘੜੀ ਵਿੱਚ ਅਸੀਂ ਪਰਿਵਾਰ ਦੇ ਨਾਲ ਹਾਂ ਤੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਹਰ ਸੰਭਵ ਮਦਦ ਕਰਾਂਗੇ ।

ਉਹਨਾਂ ਕਿਹਾ ਮੁੱਖ ਮੰਤਰੀ, ਪੰਜਾਬ, ਭਗਵੰਤ ਮਾਨ ਗ੍ਰਹਿ ਮੰਤਰਾਲਾ ਸਾਂਭਣ ਦੇ ਯੋਗ ਨਹੀਂ ਹਨ, ਇਸ 6 ਸਾਲਾਂ ਮਾਸੂਮ ਬੱਚੇ ਦੀ ਹੱਤਿਆਂ ਤੋਂ ਬਾਅਦ ਜੇਕਰ ਮੁੱਖ ਮੰਤਰੀ ਦੇ ਕੋਲ ਜੇ ਅੰਤਰ ਆਤਮਾ ਦੀ ਅਵਾਜ ਬਚੀ ਹੋਵੇ ਤਾਂ ਤੁਰੰਤ ਗ੍ਰਹਿ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦੇਣ ।ਉਹਨਾਂ ਨੇ ਕਿਹਾ ਕਿ ਪੰਜਾਬ ਭਾਜਪਾ ਪੰਜਾਬ ਦੇ ਮੌਜੂਦਾ ਹਾਲਾਤਾਂ ਤੋਂ ਬਹੁਤ ਦੁਖੀ ਤੇ ਚਿੰਤਤ ਹੈ। ਉਹਨਾਂ ਕਿਹਾ ਭਾਜਪਾ ਲਈ ਪੰਜਾਬੀਆ ਦੇ ਹਿੱਤ,ਪੰਜਾਬ ਦਾ ਭਾਈਚਾਰਾ ,ਪੰਜਾਬ ਦੀ ਅਮਨ ਸ਼ਾਂਤੀ ਤੇ ਖ਼ੁਸ਼ਹਾਲੀ ਹੀ ਮੁੱਖ ਏਜੰਡਾ ਹੈ ।

ਅਸ਼ਵਨੀ ਸ਼ਰਮਾ ਕਿਹਾ ਕਿ ਜਦੋਂ ਤੋਂ ਭਗਵੰਤ ਦੀ ਸਰਕਾਰ ਸੱਤਾ ਵਿੱਚ ਆਈ ਹੈ ਉਦੋਂ ਤੋਂ ਪੰਜਾਬ ਵਿੱਚ ਕਾਨੂੰਨ ਵਿਵਸਥਾ ਦਾ ਬੁਰਾ ਹਾਲ ਹੋ ਗਿਆ ਹੈ,ਸਰਕਾਰ ਪੰਜਾਬੀਆਂ ਦੇ ਜਾਨ ਮਾਲ ਦੀ ਰਾਖੀ ਕਰਨ ਵਿੱਚ ਨਾਕਾਮ ਹੋ ਚੁੱਕੀ ਹੈ,ਪੰਜਾਬ ਪੁਲਿਸ ਦਾ ਮਨੋਬਲ ਟੁੱਟ ਚੁੱਕਿਆ ਹੈ ਪਰ ਮੁੱਖ ਮੰਤਰੀ ਪੰਜਾਬ ਵੱਲ ਧਿਆਨ ਦੇਣ ਦੀ ਵਜਾਏ ਆਪਣੇ ਆਕਾ ‘ ਆਪ ‘ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਖੁਸ਼ ਰੱਖਣ ਵਿੱਚ ਲੱਗਿਆ ਹੋਇਆ ਹੈ ।

ਉਹਨਾ ਕਿਹਾ ਪੰਜਾਬ ਵਿੱਚ ਜਿਸ ਤਰਾਂ ਰੋਜ਼ਾਨਾ ਹੱਤਿਆਵਾਂ ਹੋ ਰਹੀਆਂ ਹਨ,ਪੁਲਿਸ ਥਾਣਿਆਂ ਤੇ ਕਬਜ਼ਾ ਕਰਕੇ ਪੁਲਿਸ ਤੇ ਹਮਲੇ ਹੋ ਰਹੇ ਹਨ, ਇਹ ਸਭ ਕੁਝ ਭਗਵੰਤ ਮਾਨ ਦੀਆਂ ਨਾਲਾਕੀਆਂ ਕਾਰਨ ਹੋ ਰਿਹਾ ਹੈ ।ਉਹਨਾਂ ਕਿਹਾ ਕਿ ਪੰਜਾਬ ਦੇ ਹਾਲਾਤ ਠੀਕ ਹੋਣ ਦੀ ਬਜਾਏ ਦਿਨੋ ਦਿਨ ਹੋਰ ਖਰਾਬ ਹੋ ਰਹੇ ਹਨ ।ਉਹਨਾਂ ਕਿਹਾ ਕਿ ਪੰਜਾਬ ਵਿੱਚ ਬਦਮਾਸਾ ,ਗੈਗਸਟਰ ਤੇ ਦੇਸ਼ ਵਿਰੋਧੀ ਤਾਕਤਾਂ ਦੇ ਹੋਸਲੇ ਬੁਲੰਦ ਹਨ ।ਉਹਨਾਂ ਕਿਹਾ ਕਿ ਇੱਕ ਸਾਲ ਦੇ ਕਰੀਬ ਸਮਾ ਹੋਣ ਵਾਲਾ ਹੈ,ਸਿੱਧੂ ਮੂਸੇਵਾਲੇ ਤੇ ਸੰਦੀਪ ਅੰਬੀਆ ਦੇ ਕਤਲ ਹੋਏ ਨੂੰ ਪਰ ਅਜੇ ਤੱਕ ਇਹਨਾ ਦੇ ਪਰਿਵਾਰਾਂ ਨੂੰ ਇਨਸਾਫ਼ ਨਹੀਂ ਮਿਲਿਆ ਹੈ ।ਉਲਟਾ ਗੈਗਸਟਰ ਸਰੇਆਮ ਜੇਲਾਂ ਵਿੱਚੋ ਇੰਟਰਵਿਊਆ ਦੇ ਰਹੇ ਹਨ,ਜੇਲਾਂ ਵਿੱਚ ਗੈਗਵਾਰ ਕਰਵਾਕੇ ਕਤਲ ਕਰਵਾਏ ਜਾ ਰਹੇ ਹਨ ਤਾਂ ਜੋ ਸਬੂਤਾਂ ਨੂੰ ਖਤਮ ਕੀਤਾ ਜਾ ਸਕੇ ।

ਅਸ਼ਵਨੀ ਸ਼ਰਮਾ (Ashwani Sharma) ਨੇ ਕਿਹਾ ਇਹ ਸਭ ਬਹੁਤ ਗੰਭੀਰ ਚਿੰਤਾ ਦਾ ਵਿਸ਼ਾ ਹੈ ।ਉਹਨਾਂ ਮੰਗ ਕੀਤੀ ਕਿ ਮਾਸੂਮ ਬੱਚੇ ਦੀ ਹੱਤਿਆ ਦੇ ਦੋਸ਼ੀਆਂ ਨੂੰ ਤੁਰੰਤ ਗਿਰਫਤਾਰ ਕਰਕੇ ਸਖ਼ਤ ਤੋਂ ਸਖ਼ਤ ਸਜਾ ਦਿੱਤੀ ਜਾਵੇ, ਸਿੱਧੂ ਮੂਸੇਵਾਲਾ ,ਸੰਦੀਪ ਅੰਬੀਆਂ ਸਮੇਤ ਸਾਰੇ ਪਰਿਵਾਰਾਂ ਨੂੰ ਇਨਸਾਫ ਦਿੱਤਾ ਜਾਵੇ,ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੁਰੰਤ ਅਸਤੀਫ਼ਾ ਦੇਣ।

ਉਹਨਾਂ ਕਿਹਾ ਕਿ ਪੰਜਾਬ ਭਾਜਪਾ ਪੰਜਾਬੀਆਂ ਦੇ ਹਿੱਤਾ ਦੀ ਲੜਾਈ ਲੜੇਗੀ ਜੇਕਰ ਜ਼ਰੂਰਤ ਪਈ ਤਾਂ ਭਾਜਪਾ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਖਿਲਾਫ ਸੜਕਾਂ ਤੇ ਉਤਰਨ ਤੋਂ ਗੁਰੇਜ਼ ਨਹੀਂ ਕਰੇਗੀ ।ਇਸ ਮੋਕੇ ਤੇ ਰਕੇਸ ਜੈਨ ਜਿਲਾ ਪ੍ਰਧਾਨ ਬੀ ਜੇ ਪੀ ,ਮੱਖਣ ਲਾਲ ਸਾਬਕਾ ਜਿਲਾ ਪ੍ਰਧਾਨ ,ਜਨਰਲ ਸਕੱਤਰ ਵਿਨੋਦ ਕਾਲੀ ,ਮੀਤ ਪ੍ਰਧਾਨ ਸ਼ਮੀਰ ਛਾਬੜਾ,ਅਨਾਮਿਕਾ ਗਰਗ ਪ੍ਰਧਾਨ ਮਹਿਲਾ ਮੋਰਚਾ ,ਅਜੇ ਰਿਸ਼ੀ ਪ੍ਰਧਾਨ ਯੁਵਾ ਮੋਰਚਾ ,ਗਗਨਦੀਪ ਆਦਿ ਹਾਜ਼ਰ ਸਨ

Scroll to Top