ਚੰਡੀਗੜ੍ਹ, 18 ਮਾਰਚ 2023: ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ (Imran Khan) ਤੋਸ਼ਾਖਾਨਾ ਮਾਮਲੇ ਦੀ ਸੁਣਵਾਈ ਲਈ ਇਸਲਾਮਾਬਾਦ ਦੀ ਅਦਾਲਤ ਵਿੱਚ ਪੇਸ਼ੀ ਲਈ ਰਵਾਨਾ ਹੋਏ, ਜਿੱਥੇ ਰਸਤੇ ਵਿੱਚ ਉਨ੍ਹਾਂ ਦੇ ਕਾਫ਼ਲੇ ਨੂੰ ਟੋਲ ਪਲਾਜ਼ਾ ’ਤੇ ਰੋਕ ਲਿਆ ਗਿਆ ਹੈ। ਇੱਥੋਂ ਨਿਕਲਦੇ ਹੀ ਪੁਲਿਸ ਲਾਹੌਰ ਦੇ ਜ਼ਮਾਨ ਪਾਰਕ ਵਿੱਚ ਉਸ ਦੇ ਘਰ ਵਿੱਚ ਦਾਖ਼ਲ ਹੋ ਗਈ। ਇੱਥੇ ਪੁਲਿਸ ਨੇ ਬੁਲਡੋਜ਼ਰ ਨਾਲ ਗੇਟ ਤੋੜ ਕੇ ਅੰਦਰ ਦਾਖ਼ਲ ਹੋ ਗਈ ਹੈ । ਇਸ ਦੌਰਾਨ ਪੁਲਿਸ ਅਤੇ ਪੀਟੀਆਈ ਵਰਕਰਾਂ ਵਿਚਾਲੇ ਝੜੱਪ ਵੀ ਹੋਈ ਹੈ ।
ਇਸਲਾਮਾਬਾਦ ਜਾਂਦੇ ਹੋਏ ਇਮਰਾਨ ਖਾਨ (Imran Khan) ਨੇ ਇੱਕ ਵੀਡੀਓ ਵੀ ਜਾਰੀ ਕੀਤਾ। ਇਸ ਵੀਡੀਓ ‘ਚ ਇਮਰਾਨ ਖਾਨ ਕਹਿ ਰਹੇ ਹਨ ਕਿ ਜਦੋਂ ਮੈਂ ਇਸਲਾਮਾਬਾਦ ਪਹੁੰਚਾਂਗਾ ਤਾਂ ਉਹ ਮੈਨੂੰ ਗ੍ਰਿਫਤਾਰ ਕਰ ਲੈਣਗੇ । ਇਮਰਾਨ ਨੇ ਕਿਹਾ ਕਿ ਮੇਰੀ ਗ੍ਰਿਫਤਾਰੀ ‘ਲੰਡਨ ਯੋਜਨਾ’ ਦਾ ਹਿੱਸਾ ਹੈ। ਮੇਰੀ ਗ੍ਰਿਫਤਾਰੀ ਨਵਾਜ਼ ਸ਼ਰੀਫ ਦੇ ਇਸ਼ਾਰੇ ‘ਤੇ ਹੋ ਰਹੀ ਹੈ।
ਇਸਲਾਮਾਬਾਦ ਵਿੱਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਪੁਲਿਸ ਨੇ ਸ਼ਹਿਰ ਵਿੱਚ ਧਾਰਾ 144 ਲਾਗੂ ਕਰ ਦਿੱਤੀ ਹੈ। ਸੁਰੱਖਿਆ ਪ੍ਰਬੰਧਾਂ ਲਈ ਪਾਕਿਸਤਾਨ ਦੇ ਹੋਰ ਸ਼ਹਿਰਾਂ ਤੋਂ ਕਰੀਬ ਇੱਕ ਹਜ਼ਾਰ ਪੁਲਿਸ ਮੁਲਾਜ਼ਮਾਂ ਨੂੰ ਇਸਲਾਮਾਬਾਦ ਬੁਲਾਇਆ ਗਿਆ ਹੈ। ਨਿਆਇਕ ਕੰਪਲੈਕਸ ਦੇ ਨੇੜੇ ਕਿਸੇ ਗਾਰਡ ਨੂੰ ਵੀ ਕੋਈ ਹਥਿਆਰ ਰੱਖਣ ਦੀ ਇਜਾਜ਼ਤ ਨਹੀਂ ਹੈ। ਉਥੋਂ ਲੰਘਣ ਵਾਲੇ ਸਾਰੇ ਲੋਕਾਂ ਦੇ ਪਛਾਣ ਪੱਤਰ ਵੀ ਚੈੱਕ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਪੁਲੀਸ ਨੇ ਇਲਾਕੇ ਵਿੱਚ ਕੰਟੇਨਰ ਵੀ ਲਾਏ ਹੋਏ ਹਨ।