ਚੰਡੀਗੜ੍ਹ, 17 ਮਾਰਚ 2023: ਦਿੱਲੀ ਸ਼ਰਾਬ ਨੀਤੀ ਘੁਟਾਲੇ ਵਿੱਚ ਮਨੀ ਲਾਂਡਰਿੰਗ ਦੀ ਜਾਂਚ ਕਰ ਰਹੇ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਦਿੱਲੀ ਦੇ ਸਾਬਕਾ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ (Manish Sisodia) ਨੂੰ ਰਾਉਸ ਐਵੇਨਿਊ ਅਦਾਲਤ ਵਿੱਚ ਪੇਸ਼ ਕੀਤਾ ਗਿਆ । ਈਡੀ ਨੇ ਸਿਸੋਦੀਆ ਦੀ 7 ਦਿਨਾਂ ਦੀ ਹਿਰਾਸਤ ਦੀ ਮੰਗ ਕੀਤੀ । ਇਸ ਦੇ ਨਾਲ ਹੀ ਸਿਸੋਦੀਆ ਦੇ ਵਕੀਲ ਨੇ ਦਾਅਵਾ ਕੀਤਾ ਕਿ ਪੁੱਛਗਿੱਛ ਦੇ ਨਾਂ ‘ਤੇ ਏਜੰਸੀ ਉਨ੍ਹਾਂ ਨੂੰ ਇਧਰ-ਉਧਰ ਬੈਠਾਉਂਦੀ ਹੈ। 7 ਦਿਨਾਂ ‘ਚ ਸਿਰਫ 11 ਘੰਟੇ ਪੁੱਛਗਿੱਛ ਕੀਤੀ ਗਈ। ਅਦਾਲਤ ਨੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਹੈ। ਹਿਰਾਸਤ ਬਾਰੇ ਫੈਸਲਾ ਕੁਝ ਸਮੇਂ ਬਾਅਦ ਆ ਜਾਵੇਗਾ।
ਈਡੀ ਨੇ ਅਦਾਲਤ ‘ਚ ਕਿਹਾ ਕਿ ਜਾਂਚ ਨਾਜ਼ੁਕ ਮੋੜ ‘ਤੇ ਹੈ, ਜੇਕਰ ਹੁਣ ਹਿਰਾਸਤ ਨਾ ਮਿਲੀ ਤਾਂ ਸਾਰੀ ਮਿਹਨਤ ਬੇਕਾਰ ਹੋ ਜਾਵੇਗੀ। ਇੰਨਾ ਹੀ ਨਹੀਂ, ਜਾਂਚ ਏਜੰਸੀ ਨੇ ਅਦਾਲਤ ਨੂੰ ਦੱਸਿਆ ਕਿ ਮਨੀਸ਼ ਸਿਸੋਦੀਆ (Manish Sisodia) ਤੋਂ ਸੀਸੀਟੀਵੀ ਨਿਗਰਾਨੀ ਹੇਠ ਪੁੱਛਗਿੱਛ ਕੀਤੀ ਜਾ ਰਹੀ ਹੈ। ਹੁਣ 18 ਅਤੇ 19 ਨੂੰ ਦੋ ਵਿਅਕਤੀਆਂ ਨੂੰ ਬਿਆਨ ਦਰਜ ਕਰਵਾਉਣ ਲਈ ਬੁਲਾਇਆ ਗਿਆ ਹੈ।