ਚੰਡੀਗੜ੍ਹ , 17 ਮਾਰਚ 2023: H3N2 ਫਲੂ ਦੇ ਮਾਮਲੇ ਦੇਸ਼ ਭਰ ਵਿੱਚ ਲਗਾਤਾਰ ਵੱਧ ਰਹੇ ਹਨ। ਇਸ ਦੌਰਾਨ ਦਿੱਲੀ ਦੇ ਸਿਹਤ ਮੰਤਰੀ ਸੌਰਭ ਭਾਰਦਵਾਜ ਨੇ H3N2 ਵਾਇਰਸ ਨੂੰ ਲੈ ਕੇ ਐਡਵਾਈਜ਼ਰੀ ਜਾਰੀ ਕੀਤੀ ਹੈ। ਦਿੱਲੀ ਦੇ ਸਿਹਤ ਮੰਤਰੀ ਸੌਰਭ ਭਾਰਦਵਾਜ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਸ਼ਹਿਰ ਦੀ ਸਰਕਾਰ ਨੇ ਰਾਸ਼ਟਰੀ ਰਾਜਧਾਨੀ ਵਿੱਚ ‘ਇਨਫਲੂਐਂਜ਼ਾ’ ਵਾਇਰਸ ਦੇ ਮਾਮਲਿਆਂ ਦਾ ਪਤਾ ਲਗਾਉਣ ਲਈ ਅਧਿਕਾਰੀਆਂ ਨੂੰ ਤੁਰੰਤ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਹਨ।
ਸੌਰਭ ਭਾਰਦਵਾਜ ਨੇ ਪ੍ਰੈੱਸ ਕਾਨਫਰੰਸ ‘ਚ ਕਿਹਾ ਕਿ ਆਮ ਤੌਰ ‘ਤੇ ਮਾਰਚ ਦੇ ਅੰਤ ਤੱਕ ‘ਇਨਫਲੂਐਂਜ਼ਾ‘ ਵਾਇਰਸ ਦੇ ਮਾਮਲੇ ਘੱਟ ਹੋ ਜਾਂਦੇ ਹਨ ਪਰ ਇਸ ਵਾਰ ਦੇਸ਼ ਦੇ ਕਈ ਹਿੱਸਿਆਂ ‘ਚ ਵੱਡੀ ਗਿਣਤੀ ‘ਚ ਮਾਮਲੇ ਸਾਹਮਣੇ ਆਏ ਹਨ। ਉਨ੍ਹਾਂ ਨੇ ਕਿਹਾ, “ਜਿਨ੍ਹਾਂ ਲੋਕਾਂ ਨੂੰ ਗੰਭੀਰ ਦਮੇ ਜਾਂ ਕੋਵਿਡ-19 ਹੈ, ਉਨ੍ਹਾਂ ਨੂੰ ਫਲੂ ਦਾ ਸਭ ਤੋਂ ਜ਼ਿਆਦਾ ਖਤਰਾ ਹੈ।
ਇਸਦੇ ਨਾਲ ਹੀ ਪੰਜ ਸਾਲ ਤੋਂ ਘੱਟ ਉਮਰ ਦੇ ਬੱਚੇ ਅਤੇ 65 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਨੂੰ ਵਧੇਰੇ ਸਾਵਧਾਨੀ ਵਰਤਣ ਦੀ ਲੋੜ ਹੈ।” ਦਿੱਲੀ ਦੇ ਸਿਹਤ ਮੰਤਰੀ ਨੇ ਕਿਹਾ ਕਿ ਕੇਂਦਰ ਨੇ ਛੇ ਸੂਬਿਆਂ ਨੂੰ ਕੋਵਿਡ ਐਡਵਾਈਜ਼ਰੀ ਜਾਰੀ ਕੀਤੀ ਹੈ, ਦਿੱਲੀ ਇਸ ਵਿੱਚ ਸ਼ਾਮਲ ਨਹੀਂ ਹੈ। ਹਾਲਾਂਕਿ, ਅਸੀਂ ਇਨਫਲੂਐਂਜ਼ਾ ਦੇ ਫੈਲਣ ਨੂੰ ਰੋਕਣ ਲਈ ਸਲਾਹ ਜਾਰੀ ਕਰ ਰਹੇ ਹਾਂ।
ਦਿੱਲੀ ਦੇ ਸਿਹਤ ਮੰਤਰੀ ਨੇ ਇਹ ਐਡਵਾਈਜ਼ਰੀ ਜਾਰੀ ਕੀਤੀ ਹੈ (H3N2 )
1. 60 ਸਾਲ ਤੋਂ ਵੱਧ ਉਮਰ ਦੇ ਅਤੇ ਫੇਫੜਿਆਂ ਦੀ ਪੁਰਾਣੀ ਬਿਮਾਰੀ ਤੋਂ ਪੀੜਤ ਲੋਕਾਂ ਨੂੰ ਸਾਵਧਾਨ ਰਹਿਣ ਦੀ ਲੋੜ ਹੈ।
2. ਲੋਕਾਂ ਨੂੰ ਭੀੜ ਵਾਲੀਆਂ ਥਾਵਾਂ ‘ਤੇ ਜਾਣ ਤੋਂ ਬਚਣਾ ਚਾਹੀਦਾ ਹੈ।
3. ਜੇਕਰ ਤੁਹਾਨੂੰ ਖੰਘ ਅਤੇ ਜ਼ੁਕਾਮ ਹੈ, ਤਾਂ ਜਨਤਕ ਥਾਵਾਂ ‘ਤੇ ਸਤ੍ਹਾ ਨੂੰ ਨਾ ਛੂਹੋ।
4. ਇਸ ਵਾਰ ਵੀ ਹੱਥ ਧੋਣਾ ਫਾਇਦੇਮੰਦ ਰਹੇਗਾ, ਇਸ ਲਈ ਸਮੇਂ-ਸਮੇਂ ‘ਤੇ ਹੱਥ ਧੋਦੇ ਰਹੋ।
5. ਆਪਣੇ ਨੱਕ ਅਤੇ ਅੱਖਾਂ ਨੂੰ ਆਪਣੇ ਹੱਥਾਂ ਨਾਲ ਨਾ ਛੂਹੋ |