ਚੰਡੀਗੜ੍ਹ, 16 ਮਾਰਚ 2023: ਨੇਪਾਲ (Nepal) ਦੇ ਪ੍ਰਧਾਨ ਮੰਤਰੀ ਪੁਸ਼ਪ ਕਮਲ ਦਹਿਲ ‘ਪ੍ਰਚੰਡ’ ਅਗਲੇ ਮਹੀਨੇ ਆਪਣੇ ਅਧਿਕਾਰਤ ਦੌਰੇ ‘ਤੇ ਭਾਰਤ ਆ ਸਕਦੇ ਹਨ। ਪਿਛਲੇ ਸਾਲ ਦਸੰਬਰ ‘ਚ ਤੀਜੀ ਵਾਰ ਨੇਪਾਲ ਦੇ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਪ੍ਰਧਾਨ ਮੰਤਰੀ ਪ੍ਰਚੰਡ ਦੀ ਇਹ ਪਹਿਲੀ ਯਾਤਰਾ ਹੋਵੇਗੀ।
ਹਾਲਾਂਕਿ ਉਨ੍ਹਾਂ ਦੇ ਭਾਰਤ ਦੌਰੇ ਦੀ ਅਧਿਕਾਰਤ ਤਾਰੀਖ਼ ਦਾ ਐਲਾਨ ਹੋਣਾ ਅਜੇ ਬਾਕੀ ਹੈ, ਪਰ ਭਾਰਤੀ ਨੇਤਾਵਾਂ ਨਾਲ ਉਨ੍ਹਾਂ ਦੀ ਗੱਲਬਾਤ ‘ਚ ਵਪਾਰ, ਊਰਜਾ, ਖੇਤੀਬਾੜੀ, ਸੱਭਿਆਚਾਰ ਅਤੇ ਹਵਾਈ ਸੇਵਾਵਾਂ ‘ਤੇ ਦੁਵੱਲੇ ਸਬੰਧਾਂ ਅਤੇ ਗੱਲਬਾਤ ਨੂੰ ਹੁਲਾਰਾ ਦੇਣਾ ਪ੍ਰਮੁੱਖਤਾ ਨਾਲ ਹੋਵੇਗਾ। ਸੂਤਰਾਂ ਦੇ ਮੁਤਾਬਕ ਨੇਪਾਲ (Nepal) ਦੇ ਪ੍ਰਧਾਨ ਮੰਤਰੀ ਪ੍ਰਚੰਡ ਨੂੰ ਪ੍ਰਤੀਨਿਧ ਸਦਨ ਤੋਂ ਭਰੋਸੇ ਦਾ ਵੋਟ ਮਿਲਣ ਤੋਂ ਬਾਅਦ ਤਾਰੀਖ਼ ਦਾ ਫੈਸਲਾ ਕੀਤਾ ਜਾਵੇਗਾ। ਉਹ ਜਲਦੀ ਹੀ ਆਉਣ ਵਾਲੇ ਸਮੇਂ ਵਿੱਚ ਭਾਰਤ ਦਾ ਦੌਰਾ ਕਰਨਗੇ।