ਅੰਮ੍ਰਿਤਸਰ, 02 ਮਾਰਚ 2023: ਅਜਨਾਲਾ ਵਿਖੇ ਵਾਪਰੀ ਘਟਨਾ ਤੋਂ ਬਾਅਦ ਲਗਾਤਾਰ ਹੀ ਅੰਮ੍ਰਿਤਪਾਲ ਸਿੰਘ (Amritpal Singh) ਵਿਵਾਦਾਂ ਵਿੱਚ ਘਿਰਦੇ ਜਾ ਰਹੇ ਹਨ, ਕਦੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਥਾਣੇ ਲੈ ਜਾਣ ਦੇ ਬਿਆਨ ‘ਤੇ, ਅੰਮ੍ਰਿਤਪਾਲ ਸਿੰਘ ਦੀ ਗੱਡੀ ਦੀ ਨੰਬਰ ਪਲੇਟ ਅਤੇ ਕਦੀ ਅੰਮ੍ਰਿਤਪਾਲ ਸਿੰਘ ਦੇ ਭਾਰਤੀ ਨਾ ਹੋਣ ਦੇ ਬਿਆਨ ਤੋਂ ਲਗਾਤਾਰ ਹੀ ਪੰਜਾਬ ਵਿੱਚ ਵਿਵਾਦ ਵਧਦਾ ਜਾ ਰਿਹਾ ਹੈ |
ਹੁਣ ਭਾਜਪਾ ਦੇ ਸੀਨੀਅਰ ਆਗੂ ਡਾਕਟਰ ਰਾਜ ਕੁਮਾਰ ਵੇਰਕਾ ਨੇ ਵੀ ਅੰਮ੍ਰਿਤਪਾਲ ਸਿੰਘ ਦੇ ਭਾਰਤੀ ਨਾ ਹੋਣ ਦੇ ਬਿਆਨ ‘ਤੇ ਕਿਹਾ ਕਿ ਜੇਕਰ ਅੰਮ੍ਰਿਤਪਾਲ ਸਿੰਘ ਭਾਰਤੀ ਨਾਗਰਿਕ ਨਹੀਂ ਤਾਂ ਉਹ ਦੱਸੇ ਉਹ ਪਾਕਿਸਤਾਨੀ ਹੈ, ਅਫ਼ਗਾਨਸਤਾਨੀ ਹੈ, ਉਹ ਕਿਹੜੇ ਦੇਸ ਦਾ ਨਾਗਰਿਕ ਹੈ | ਡਾਕਟਰ ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਜੇਕਰ ਅੰਮ੍ਰਿਤਪਾਲ ਸਿੰਘ ਦਾ ਕਹਿਣਾ ਹੈ ਕਿ ਉਹ ਭਾਰਤੀ ਨਹੀਂ ਹੈ ਤਾਂ ਉਸਨੂੰ ਭਾਰਤ ਦੇਸ਼ ਵਿੱਚ ਰਹਿਣ ਦਾ ਕੋਈ ਅਧਿਕਾਰ ਨਹੀਂ ਹੈਂ |
ਉਨ੍ਹਾਂ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਅੰਮ੍ਰਿਤਪਾਲ ਸਿੰਘ (Amritpal Singh), ਭਗਵੰਤ ਸਿੰਘ ਮਾਨ ਅਤੇ ਅਰਵਿੰਦ ਕੇਜਰੀਵਾਲ ਇਹ ਤਿੰਨੇ ਇੱਕੋ ਸਿੱਕੇ ਦੇ ਦੋ ਪਹਿਲੂ ਹਨ | ਉਹਨਾਂ ਕਿਹਾ ਕਿ ਜਿਸ ਤਰੀਕੇ ਅਜਨਾਲਾ ਵਿਖੇ ਘਟਨਾ ਵਾਪਰੀ ਪੁਲਿਸ ਕਰਮਚਾਰੀਆਂ ਨੂੰ ਜ਼ਖਮੀ ਕੀਤਾ ਗਿਆ ਅਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਗਈ | ਇਸ ਮਾਮਲੇ ਵਿਚ ਅਜੇ ਤੱਕ ਪੰਜਾਬ ਸਰਕਾਰ ਵੱਲੋਂ ਕੋਈ ਵੀ ਕਾਰਵਾਈ ਨਾ ਕਰਨਾ ਅਜਿਹਾ ਲੱਗਦਾ ਹੈ ਕਿ ਅੰਮ੍ਰਿਤਪਾਲ ਸਿੰਘ, ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਦਾ ਕੋਈ ਖਾਸ ਚਹੇਤਾ ਹੈ | ਇਸਦੇ ਨਾਲ ਹੀ ਡਾਕਟਰ ਰਾਜ ਕੁਮਾਰ ਵੇਰਕਾ ਨੇ ਮੰਗ ਕੀਤੀ ਕਿ ਜਿਸ ਵਿਅਕਤੀ ਨੇ ਪੰਜਾਬ ਦਾ ਮਾਹੌਲ ਖ਼ਰਾਬ ਕੀਤਾ ਹੈ ਉਸਦੇ ਖ਼ਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ |