ਚੰਡੀਗੜ੍ਹ 01, ਫ਼ਰਵਰੀ 2023: (IND vs AUS 3rd Test) ਅੱਜ ਤੋਂ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਤੀਜਾ ਟੈਸਟ ਮੈਚ ਸ਼ੁਰੂ ਹੋ ਗਿਆ ਹੈ। ਇਹ ਮੈਚ ਇੰਦੌਰ ਦੇ ਹੋਲਕਰ ਸਟੇਡੀਅਮ ‘ਚ ਖੇਡਿਆ ਜਾ ਰਿਹਾ ਹੈ। ਟੀਮ ਇੰਡੀਆ ਚਾਰ ਮੈਚਾਂ ਦੀ ਟੈਸਟ ਸੀਰੀਜ਼ ‘ਚ ਪਹਿਲਾਂ ਹੀ 2-0 ਦੀ ਅਜੇਤੂ ਬੜ੍ਹਤ ਬਣਾ ਚੁੱਕੀ ਹੈ। ਇਸ ਟੈਸਟ ਨੂੰ ਜਿੱਤ ਕੇ ਭਾਰਤੀ ਟੀਮ ਸੀਰੀਜ਼ ਜਿੱਤਣਾ ਚਾਹੇਗੀ। ਨਾਲ ਹੀ ਇਸ ਮੈਚ ਨੂੰ ਜਿੱਤਣ ‘ਤੇ ਟੀਮ ਇੰਡੀਆ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਲਈ ਕੁਆਲੀਫਾਈ ਕਰ ਲਵੇਗੀ। ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ।
ਭਾਰਤ ਦੀ ਪਹਿਲੀ ਪਾਰੀ 109 ਦੌੜਾਂ ‘ਤੇ ਸਮਾਪਤ ਹੋ ਗਈ ਹੈ । ਆਸਟਰੇਲਿਆਈ ਗੇਂਦਬਾਜ਼ਾਂ ਨੇ ਅੱਜ ਮੈਚ ਦੀ ਸ਼ੁਰੂਆਤ ਤੋਂ ਹੀ ਤਬਾਹੀ ਮਚਾ ਦਿੱਤੀ ਹੈ। ਖਾਸ ਤੌਰ ‘ਤੇ ਭਾਰਤੀ ਬੱਲੇਬਾਜ਼ ਆਸਟ੍ਰੇਲੀਆਈ ਸਪਿਨਰਾਂ ਨੂੰ ਖੇਡਣ ‘ਚ ਨਾਕਾਮ ਰਹੇ। ਆਸਟ੍ਰੇਲੀਆਈ ਸਪਿਨਰਾਂ ਨੇ ਨੌਂ ਵਿਕਟਾਂ ਲਈਆਂ, ਜਦਕਿ ਆਖਰੀ ਵਿਕਟ ਸਿਰਾਜ (0) ਨੇ ਰਨ ਆਊਟ ਕੀਤਾ।
ਪਾਰੀ ਦੇ ਪਹਿਲੇ ਹੀ ਓਵਰ ‘ਚ ਮਿਸ਼ੇਲ ਸਟਾਰਕ ਦੇ ਓਵਰ ਵਿੱਚ ਰੋਹਿਤ ਸ਼ਰਮਾ ਨੂੰ ਦੋ ਵਾਰ ਜੀਵਨਦਾਨ ਮਿਲਿਆ । ਰੋਹਿਤ ਇਸ ਦਾ ਫਾਇਦਾ ਨਹੀਂ ਚੁੱਕ ਸਕਿਆ ਅਤੇ ਪਹਿਲੀ ਵਿਕਟ ਦੇ ਤੌਰ ‘ਤੇ ਆਊਟ ਹੋ ਗਿਆ। ਰੋਹਿਤ 12 ਦੌੜਾਂ ਹੀ ਬਣਾ ਸਕੇ। ਇਸ ਤੋਂ ਬਾਅਦ ਵਿਕਟਾਂ ਦੀ ਝੜੀ ਲੱਗ ਗਈ। ਕੇਐੱਲ ਰਾਹੁਲ ਦੀ ਥਾਂ ‘ਤੇ ਖੇਡ ਰਹੇ ਸ਼ੁਭਮਨ ਗਿੱਲ ਕੈਚ ਆਊਟ ਹੋ ਗਏ। ਉਹ 18 ਗੇਂਦਾਂ ਵਿੱਚ 21 ਦੌੜਾਂ ਹੀ ਬਣਾ ਸਕਿਆ।
ਇਸ ਤੋਂ ਬਾਅਦ ਚੇਤੇਸ਼ਵਰ ਪੁਜਾਰਾ ਇੱਕ ਦੌੜਾਂ ਬਣਾ ਕੇ ਆਊਟ ਹੋ ਗਏ, ਰਵਿੰਦਰ ਜਡੇਜਾ ਨੇ ਚਾਰ ਦੌੜਾਂ ਬਣਾਈਆਂ। ਸ਼੍ਰੇਅਸ ਅਈਅਰ ਖਾਤਾ ਵੀ ਨਹੀਂ ਖੋਲ੍ਹ ਸਕੇ, ਜਦਕਿ ਵਿਰਾਟ ਕੋਹਲੀ 52 ਗੇਂਦਾਂ ‘ਤੇ 22 ਦੌੜਾਂ ਬਣਾ ਸਕੇ। ਸ਼੍ਰੀਕਰ ਭਾਰਤ 30 ਗੇਂਦਾਂ ‘ਚ 17 ਦੌੜਾਂ ਬਣਾ ਕੇ ਆਊਟ ਹੋ ਗਏ। ਲੰਚ ਤੱਕ ਭਾਰਤ ਨੇ ਸੱਤ ਵਿਕਟਾਂ ਗੁਆ ਕੇ 84 ਦੌੜਾਂ ਬਣਾ ਲਈਆਂ ਸਨ।
ਲੰਚ ਤੋਂ ਬਾਅਦ ਕੁਹਨੇਮਨ ਨੇ ਰਵੀਚੰਦਰਨ ਅਸ਼ਵਿਨ (3) ਅਤੇ ਉਮੇਸ਼ ਯਾਦਵ ਨੂੰ ਆਊਟ ਕੀਤਾ। ਉਮੇਸ਼ ਨੇ 13 ਗੇਂਦਾਂ ਵਿੱਚ ਇੱਕ ਚੌਕੇ ਅਤੇ ਦੋ ਛੱਕਿਆਂ ਦੀ ਮਦਦ ਨਾਲ 17 ਦੌੜਾਂ ਦੀ ਪਾਰੀ ਖੇਡੀ। ਸਿਰਾਜ ਰਨ ਆਊਟ ਹੋ ਗਿਆ ਜਦਕਿ ਅਕਸ਼ਰ 12 ਦੌੜਾਂ ਬਣਾ ਕੇ ਨਾਬਾਦ ਰਹੇ।
ਖੱਬੇ ਹੱਥ ਦੇ ਸਪਿਨਰ ਮੈਥਿਊ ਕੁਹਨੇਮੈਨ ਨੇ ਡੈਬਿਊ ‘ਤੇ ਹੀ ਪਾਰੀ ‘ਚ ਪੰਜ ਵਿਕਟਾਂ ਲਈਆਂ ਜਦਕਿ ਲਿਓਨ ਨੂੰ ਤਿੰਨ ਵਿਕਟਾਂ ਮਿਲੀਆਂ। 109 ਘਰੇਲੂ ਮੈਦਾਨ ‘ਤੇ ਆਸਟ੍ਰੇਲੀਆ ਵਿਰੁੱਧ ਭਾਰਤ ਦਾ ਚੌਥਾ ਸਭ ਤੋਂ ਘੱਟ ਸਕੋਰ ਹੈ। ਭਾਰਤ ਨੇ 1983 ਵਿੱਚ ਵਾਨਖੇੜੇ ਵਿੱਚ ਆਸਟਰੇਲੀਆ ਖ਼ਿਲਾਫ਼ 104 ਦੌੜਾਂ, 2017 ਵਿੱਚ ਪੁਣੇ ਵਿੱਚ 105 ਦੌੜਾਂ, 2017 ਵਿੱਚ ਪੁਣੇ ਵਿੱਚ 107 ਦੌੜਾਂ ਅਤੇ ਹੁਣ 109 ਦੌੜਾਂ ਬਣਾਈਆਂ ਹਨ।