ਚੰਡੀਗੜ੍ਹ, 28 ਜਨਵਰੀ 2023: ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ (Imran Khan) ਨੂੰ ਹੁਣ ਕਿਸੇ ਵੀ ਸਮੇਂ ਗ੍ਰਿਫਤਾਰ ਕੀਤਾ ਜਾ ਸਕਦਾ ਹੈ। ਇਸਲਾਮਾਬਾਦ ਸੈਸ਼ਨ ਕੋਰਟ ਨੇ ਮੰਗਲਵਾਰ ਨੂੰ ਇਮਰਾਨ ਨੂੰ ਸਰਕਾਰੀ ਖਜ਼ਾਨੇ (ਤੋਸ਼ਾਖਾਨਾ) ਤੋਂ ਕਰੋੜਾਂ ਰੁਪਏ ਦੇ ਤੋਹਫ਼ੇ ਬਹੁਤ ਸਸਤੇ ਭਾਅ ‘ਤੇ ਵੇਚਣ ਦਾ ਦੋਸ਼ੀ ਠਹਿਰਾਇਆ ਹੈ । ਉਨ੍ਹਾਂ ਖਿਲਾਫ ਗੈਰ-ਜ਼ਮਾਨਤੀ ਵਾਰੰਟ ਵੀ ਜਾਰੀ ਕੀਤੇ ਗਏ ਹਨ।
ਸਰਕਾਰ ਅਤੇ ਪੁਲਿਸ ਇਸ ਮਾਮਲੇ ਵਿੱਚ ਅਦਾਲਤ ਦੇ ਆਦੇਸ਼ ਦਾ ਇੰਤਜ਼ਾਰ ਕਰ ਰਹੀ ਸੀ ਤਾਂ ਜੋ ਇਮਰਾਨ ਖਾਨ ਨੂੰ ਗ੍ਰਿਫਤਾਰ ਕੀਤਾ ਜਾ ਸਕੇ। ਇਮਰਾਨ ਦੀ ਤੀਜੀ ਪਤਨੀ ਬੁਸ਼ਰਾ ਬੀਬੀ ਵੀ ਇਸ ਮਾਮਲੇ ਵਿੱਚ ਮੁਲਜ਼ਮ ਹੈ। ਬੁਸ਼ਰਾ ਬਾਰੇ ਅਜੇ ਕੋਈ ਫੈਸਲਾ ਨਹੀਂ ਲਿਆ ਗਿਆ ਹੈ। ਇਮਰਾਨ ਖਾਨ (Imran Khan) ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀਟੀਆਈ) ਨੇ ਸਮਰਥਕਾਂ ਨੂੰ ਇਮਰਾਨ ਦੇ ਘਰ ਦੇ ਬਾਹਰ ਇਕੱਠੇ ਹੋਣ ਲਈ ਕਿਹਾ ਹੈ ਤਾਂ ਜੋ ਉਨ੍ਹਾਂ ਦੇ ਨੇਤਾ ਨੂੰ ਗ੍ਰਿਫਤਾਰੀ ਤੋਂ ਬਚਾਉਣ ਲਈ ਪੁਲਿਸ ‘ਤੇ ਦਬਾਅ ਬਣਾਇਆ ਜਾ ਸਕੇ।
ਇਮਰਾਨ ਖਾਨ ‘ਤੇ ਕਈ ਮਹੀਨੇ ਪਹਿਲਾਂ ਕਥਿਤ ਤੌਰ ‘ਤੇ ਜਾਨਲੇਵਾ ਹਮਲਾ ਹੋਇਆ ਸੀ ਅਤੇ ਉਦੋਂ ਤੋਂ ਉਹ ਲੱਤ ‘ਤੇ ਪਲਾਸਟਰ ਲਗਾ ਕੇ ਅਦਾਲਤਾਂ ਤੋਂ ਕਈ ਤਰ੍ਹਾਂ ਦੀਆਂ ਰਾਹਤਾਂ ਲੈ ਰਿਹਾ ਸੀ। ਮੰਗਲਵਾਰ ਨੂੰ ਅਦਾਲਤ ਨੇ ਦੋ ਵਾਰ ਸੁਣਵਾਈ ਮੁਲਤਵੀ ਕਰ ਦਿੱਤੀ ਪਰ ਫਿਰ ਜੱਜ ਜ਼ਫਰ ਇਕਬਾਲ ਨੇ ਗੈਰ-ਜ਼ਮਾਨਤੀ ਵਾਰੰਟ ਜਾਰੀ ਕਰਨ ਦਾ ਹੁਕਮ ਦਿੱਤਾ। ਹਾਲਾਂਕਿ ਖਾਨ ਨੂੰ ਦੋ ਹੋਰ ਮਾਮਲਿਆਂ ‘ਚ ਰਾਹਤ ਮਿਲੀ ਹੈ। ਇਨ੍ਹਾਂ ਵਿੱਚੋਂ ਇੱਕ ਦਾ ਸਬੰਧ ਗੈਰ-ਕਾਨੂੰਨੀ ਪਾਰਟੀ ਫੰਡਿੰਗ ਨਾਲ ਹੈ ਅਤੇ ਦੂਜਾ ਅੱਤਵਾਦ ਨਾਲ ਹੈ ।
ਤੋਸ਼ਾਖਾਨਾ ਮਾਮਲੇ ਵਿੱਚ ਵੀ ਇਮਰਾਨ ਦੇ ਵਕੀਲ ਨੇ ਸੁਣਵਾਈ ਮੁਲਤਵੀ ਕਰਨ ਦੀ ਮੰਗ ਕੀਤੀ ਸੀ। ਇਸ ‘ਤੇ ਜੱਜ ਨੇ ਕਿਹਾ- ਜੇਕਰ ਉਹ ਦੂਜੀਆਂ ਅਦਾਲਤਾਂ ‘ਚ ਪੇਸ਼ ਹੋ ਸਕਦਾ ਹੈ ਤਾਂ ਇੱਥੇ ਆਉਣ ‘ਚ ਕੀ ਦਿੱਕਤ ਹੈ। ਇਮਰਾਨ ਜਦੋਂ ਪ੍ਰਧਾਨ ਮੰਤਰੀ ਸਨ ਤਾਂ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਚੋਣ ਕਮਿਸ਼ਨ ‘ਚ ਉਨ੍ਹਾਂ ਖਿਲਾਫ ਸ਼ਿਕਾਇਤ ਕੀਤੀ ਸੀ। ਇਮਰਾਨ ‘ਤੇ ਤੋਸ਼ਾਖਾਨੇ ‘ਚ ਜਮ੍ਹਾ ਤੋਹਫ਼ੇ ਸਸਤੇ ‘ਚ ਖਰੀਦ ਕੇ ਮਹਿੰਗੇ ਭਾਅ ‘ਤੇ ਵੇਚਣ ਦਾ ਦੋਸ਼ ਸੀ।