ਖੰਨਾ, 25 ਫਰਵਰੀ 2023: ਖੰਨਾ ਪੁਲਿਸ ਨੇ ਹਨੀਟ੍ਰੈਪ (Honeytrap) ‘ਚ ਫਸਾ ਕੇ ਬਲੈਕਮੇਲ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ । ਇਸ ਗਿਰੋਹ ਨੇ ਸਾਬਕਾ ਫੌਜੀ ਨੂੰ ਆਪਣੇ ਜਾਲ ‘ਚ ਫਸਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਸਾਬਕਾ ਫੌਜੀ ਦੀ ਅਸ਼ਲੀਲ ਵੀਡਿਓ ਬਣਾ ਕੇ ਬਲੈਕਮੇਲ ਕੀਤਾ ਗਿਆ। ਪੁਲਿਸ ਨੇ ਇਸ ਮਾਮਲੇ ਦੇ ਗਿਰੋਹ ‘ਚ ਸ਼ਾਮਲ ਪਤੀ-ਪਤਨੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਜਾਣਕਾਰੀ ਦਿੰਦਿਆਂ ਐੱਸਐੱਸਪੀ ਅਮਨੀਤ ਕੌਂਡਲ ਨੇ ਦੱਸਿਆ ਕਿ ਮਾਛੀਵਾੜਾ ਸਾਹਿਬ ਦੇ ਸਾਬਕਾ ਫੌਜੀ ਨੇ ਫਰੈਂਡਸ਼ਿਪ ਕਰਨ ਲਈ ਅਖ਼ਬਾਰ ‘ਚ ਇਸ਼ਤਿਹਾਰ ਦਿੱਤਾ ਸੀ। ਜਿਸ ਮਗਰੋਂ ਫਗਵਾੜਾ ਦੀ ਕਿਰਨਦੀਪ ਕੌਰ ਉਰਫ ਸਵੇਤਾ ਸੈਣੀ ਨੇ ਸਾਬਕਾ ਫੌਜੀ ਨਾਲ ਫੋਨ ਰਾਹੀਂ ਸੰਪਰਕ ਕੀਤਾ। ਸਾਬਕਾ ਫੌਜੀ ਨੇ ਕਿਰਨਦੀਪ ਨੂੰ ਸ਼ੌਪਿੰਗ ਵੀ ਕਰਵਾਈ।
ਜਿਸ ਮਗਰੋਂ 20 ਫਰਵਰੀ ਨੂੰ ਸਾਬਕਾ ਫੌਜੀ ਨੂੰ ਕਿਰਨਦੀਪ ਕੌਰ ਨੇ ਫਗਵਾੜਾ ਇੱਕ ਮਕਾਨ ‘ਚ ਬੁਲਾਇਆ। ਜਿੱਥੇ ਕਿਰਨਦੀਪ ਕੌਰ ਨੇ ਆਪਣੇ ਪਤੀ ਮਨਦੀਪ ਸਿੰਘ ਨਾਲ ਮਿਲ ਕੇ ਸਾਬਕਾ ਫੌਜੀ ਦੀ ਅਸ਼ਲੀਲ ਵੀਡਿਓ ਬਣਾਈ। ਸਾਬਕਾ ਫੌਜੀ ਕੋਲੋਂ 1 ਲੱਖ 68 ਹਜ਼ਾਰ 700 ਰੁਪਏ ਵਸੂਲੇ। ਏਟੀਐਮ ਕਾਰਡ ਸਮੇਤ ਹੋਰ ਕਾਗਜ਼ਾਤ ਖੋਹ ਲਏ ਗਏ। ਇਸਤੋਂ ਬਾਅਦ ਵੀ ਸਾਬਕਾ ਫੌਜੀ ਕੋਲੋਂ 5 ਲੱਖ ਰੁਪਏ ਦੀ ਮੰਗ ਕੀਤੀ ਜਾ ਰਹੀ ਸੀ ਤਾਂ ਸਾਬਕਾ ਫੌਜੀ ਨੇ ਇਸਦੀ ਸ਼ਿਕਾਇਤ ਪੁਲਿਸ ਨੂੰ ਕੀਤੀ। ਪੁਲਿਸ ਨੇ ਸ਼ਿਕਾਇਤ ਦੇ ਆਧਾਰ ‘ਤੇ ਕਾਰਵਾਈ ਕਰਦਿਆਂ ਦੋਵੇਂ ਮੁਲਜਮਾਂ ਨੂੰ ਗ੍ਰਿਫਤਾਰ ਕਰ ਲਿਆ |