ਚੰਡੀਗੜ੍ਹ, 25 ਫ਼ਰਵਰੀ 2023: ਮੱਧ ਪ੍ਰਦੇਸ਼ ਦੇ ਰੀਵਾ ਅਤੇ ਸਤਨਾ ਜ਼ਿਲਿਆਂ ਦੀ ਸਰਹੱਦ ‘ਤੇ ਸ਼ੁੱਕਰਵਾਰ ਨੂੰ ਇਕ ਟਰੱਕ ਦੇ ਸੜਕ ਕਿਨਾਰੇ ਖੜ੍ਹੀਆਂ ਤਿੰਨ ਬੱਸਾਂ ਨਾਲ ਟਕਰਾ ਜਾਣ ਕਾਰਨ 14 ਜਣਿਆਂ ਦੀ ਮੌਤ (killed )ਹੋ ਗਈ ਅਤੇ 60 ਹੋਰ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਚਸ਼ਮਦੀਦਾਂ ਨੇ ਦਾਅਵਾ ਕੀਤਾ ਕਿ ਇਹ ਹਾਦਸਾ ਸ਼ੁੱਕਰਵਾਰ ਰਾਤ ਕਰੀਬ 9 ਵਜੇ ਬਰਖੜਾ ਪਿੰਡ ਨੇੜੇ ਸੁਰੰਗ ਦੇ ਬਾਹਰ ਵਾਪਰਿਆ ਅਤੇ ਬੱਸਾਂ ਵਿੱਚ ਸਵਾਰ ਯਾਤਰੀ ਸਤਨਾ ਸ਼ਹਿਰ ਵਿੱਚ ‘ਕੋਲ ਮਹਾਕੁੰਭ’ ਤੋਂ ਵਾਪਸ ਪਰਤ ਰਹੇ ਸਨ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ਬਰੀ ਮਾਤਾ ਜਯੰਤੀ ਮੌਕੇ ਦਿਨ ਵੇਲੇ ਇਸ ਪ੍ਰੋਗਰਾਮ ਵਿੱਚ ਸੰਬੋਧਨ ਕੀਤਾ ਸੀ।
ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਰੀਵਾ ਮੈਡੀਕਲ ਕਾਲਜ ਹਸਪਤਾਲ ‘ਚ ਜ਼ਖਮੀਆਂ ਨੂੰ ਮਿਲਣ ਤੋਂ ਬਾਅਦ ਪੱਤਰਕਾਰਾਂ ਨੂੰ ਦੱਸਿਆ ਕਿ ਸੀਮਿੰਟ ਨਾਲ ਭਰਿਆ ਟਰੱਕ ਬੇਕਾਬੂ ਹੋ ਗਿਆ ਅਤੇ ਟਾਇਰ ਫਟਣ ਕਾਰਨ ਸੜਕ ਕਿਨਾਰੇ ਖੜ੍ਹੀਆਂ ਤਿੰਨ ਬੱਸਾਂ ਨਾਲ ਟਕਰਾ ਗਿਆ। ਟੱਕਰ ਕਾਰਨ ਇਕ ਬੱਸ ਪਲਟ ਗਈ ਅਤੇ ਦੂਜੀ ਬੱਸ ਦੂਜੇ ਪਾਸੇ ਪਲਟ ਗਈ, ਜਿਸ ਕਾਰਨ ਸਵਾਰੀਆਂ ਨੂੰ ਸੱਟਾਂ ਲੱਗੀਆਂ। ਮੁੱਖ ਮੰਤਰੀ ਚੌਹਾਨ ਨੇ ਇਸ ਘਟਨਾ ਨੂੰ ਬਹੁਤ ਹੀ ਮੰਦਭਾਗੀ ਘਟਨਾ ਕਰਾਰ ਦਿੱਤਾ।
ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਲੋੜ ਪਈ ਤਾਂ ਬਿਹਤਰ ਇਲਾਜ ਲਈ ਮਰੀਜ਼ਾਂ ਨੂੰ ਹਵਾਈ ਜਹਾਜ਼ ਰਾਹੀਂ ਰੀਵਾ (Rewa) ਤੋਂ ਬਾਹਰ ਲਿਜਾਇਆ ਜਾਵੇਗਾ। ਉਨ੍ਹਾਂ ਹਾਦਸੇ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ 10-10 ਲੱਖ ਰੁਪਏ ਦੀ ਮਾਲੀ ਮਦਦ ਦੇਣ ਦਾ ਐਲਾਨ ਕੀਤਾ ਹੈ ।
ਚਸ਼ਮਦੀਦਾਂ ਨੇ ਦੱਸਿਆ ਕਿ ਟਰੱਕ ਨੇ ਬੱਸਾਂ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ ਅਤੇ ਉਨ੍ਹਾਂ ਵਿੱਚੋਂ ਇੱਕ ਪਲਟ ਕੇ ਖਾਈ ਵਿੱਚ ਜਾ ਡਿੱਗੀ। ਉਨ੍ਹਾਂ ਦੱਸਿਆ ਕਿ ਇਹ ਹਾਦਸਾ ਰਾਤ ਕਰੀਬ 9 ਵਜੇ ਮੋਹਨੀਆ ਸੁਰੰਗ ਨੇੜੇ ਵਾਪਰਿਆ। ਚਸ਼ਮਦੀਦਾਂ ਨੇ ਦੱਸਿਆ ਕਿ ਬੱਸਾਂ ਨੂੰ ਇਸ ਲਈ ਰੋਕਿਆ ਗਿਆ ਸੀ ਤਾਂ ਜੋ ਮਹਾਕੁੰਭ ਤੋਂ ਪਰਤ ਰਹੇ ਯਾਤਰੀਆਂ ਨੂੰ ਖਾਣੇ ਦੇ ਪੈਕੇਟ ਦਿੱਤੇ ਜਾ ਸਕਣ |