ਚੰਡੀਗੜ੍ਹ, 23 ਫਰਵਰੀ 2023: (IND vs AUS) ਭਾਰਤ ਅਤੇ ਆਸਟ੍ਰੇਲੀਆ (Australia) ਵਿਚਾਲੇ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਲਈ ਆਸਟ੍ਰੇਲੀਆਈ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। 16 ਮੈਂਬਰੀ ਟੀਮ ਵਿੱਚ ਕਈ ਚੋਟੀ ਦੇ ਖਿਡਾਰੀਆਂ ਦੀ ਵਾਪਸੀ ਹੋਈ ਹੈ, ਜੋ ਸੱਟ ਕਾਰਨ ਟੀਮ ਤੋਂ ਬਾਹਰ ਸਨ। ਇਸ ਸੀਰੀਜ਼ ‘ਚ ਸਪਿਨ ਆਲਰਾਊਂਡਰ ਗਲੇਨ ਮੈਕਸਵੈੱਲ ਦੀ ਵੀ ਵਾਪਸੀ ਹੋਵੇਗੀ,ਜੋ ਕਿ ਲੱਤ ਦੀ ਸੱਟ ਨਾਲ ਜੂਝ ਰਿਹਾ ਸੀ। ਗਿੱਟੇ ਦੀ ਸੱਟ ਤੋਂ ਪੀੜਤ ਮਿਸ਼ੇਲ ਮਾਰਸ਼ ਵੀ ਟੀਮ ਵਿੱਚ ਵਾਪਸੀ ਕਰ ਰਹੇ ਹਨ। ਇਨ੍ਹਾਂ ਦੋਵਾਂ ਤੋਂ ਇਲਾਵਾ ਝਾਈ ਰਿਚਰਡਸਨ ਦੀ ਵੀ ਟੀਮ ਵਿੱਚ ਵਾਪਸੀ ਹੋਈ ਹੈ। ਹੈਮਸਟ੍ਰਿੰਗ ਦੀ ਸੱਟ ਕਾਰਨ ਉਹ ਟੀਮ ਤੋਂ ਬਾਹਰ ਸੀ। ਪੈਟ ਕਮਿੰਸ ਨੂੰ ਵਨਡੇ ਟੀਮ ਦੀ ਕਪਤਾਨੀ ਵੀ ਸੌਂਪੀ ਗਈ ਹੈ।
ਡੇਵਿਡ ਵਾਰਨਰ, ਸਟੀਵ ਸਮਿਥ ਅਤੇ ਮਾਰਨਸ ਲਾਬੂਸ਼ੇਨ ਵਰਗੇ ਸਟਾਰ ਬੱਲੇਬਾਜ਼ ਵੀ ਇਸ ਸੀਰੀਜ਼ ‘ਚ ਕੰਗਾਰੂ ਟੀਮ ਦਾ ਹਿੱਸਾ ਹੋਣਗੇ। ਮੁੱਖ ਚੋਣਕਾਰ ਜਾਰਜ ਬੇਲੀ ਨੇ ਕਿਹਾ ਕਿ ਇਹ ਸੀਰੀਜ਼ ਇਸ ਸਾਲ ਦੇ ਅੰਤ ਵਿੱਚ ਭਾਰਤ ਵਿੱਚ ਹੋਣ ਵਾਲੇ ਆਈਸੀਸੀ ਇੱਕ ਰੋਜ਼ਾ ਵਿਸ਼ਵ ਕੱਪ ਤੋਂ ਪਹਿਲਾਂ ਆਸਟਰੇਲੀਆ (Australia) ਨੂੰ ਵਧੀਆ ਅਭਿਆਸ ਸੈਸ਼ਨ ਪ੍ਰਦਾਨ ਕਰੇਗੀ। ਬੇਲੀ ਨੇ ਕਿਹਾ, “ਵਿਸ਼ਵ ਕੱਪ ਸਿਰਫ਼ ਸੱਤ ਮਹੀਨੇ ਦੂਰ ਹੈ ਅਤੇ ਭਾਰਤ ਵਿੱਚ ਇਹ ਮੈਚ ਸਾਡੀ ਤਿਆਰੀ ਵਿੱਚ ਮਹੱਤਵਪੂਰਨ ਕਦਮ ਹਨ। ਗਲੇਨ, ਮਿਸ਼ੇਲ ਸਾਰੇ ਪ੍ਰਮੁੱਖ ਖਿਡਾਰੀ ਹਨ ਜੋ ਸਾਨੂੰ ਲੱਗਦਾ ਹੈ ਕਿ ਅਕਤੂਬਰ ਵਿੱਚ ਟੀਮ ਦਾ ਹਿੱਸਾ ਬਣ ਸਕਦੇ ਹਨ।”
ਇਸਦੇ ਨਾਲ ਹੀ ਤਜਰਬੇਕਾਰ ਤੇਜ਼ ਗੇਂਦਬਾਜ਼ ਜੋਸ਼ ਹੇਜ਼ਲਵੁੱਡ ਨੂੰ ਵੀ ਦੌਰਾ ਕਰਨ ਵਾਲੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ, ਜੋ ਵਾਰ-ਵਾਰ ਸੱਟ ਨਾਲ ਗ੍ਰਸਤ ਹੈ ਅਤੇ ਬਿਨਾਂ ਕੋਈ ਖੇਡ ਖੇਡੇ ਭਾਰਤ ਵਿਰੁੱਧ ਟੈਸਟ ਸੀਰੀਜ਼ ਤੋਂ ਬਾਹਰ ਹੋ ਗਿਆ ਹੈ। ਬੇਲੀ ਨੇ ਕਿਹਾ, ”ਇਸ ਸੀਰੀਜ਼ ਦਾ ਹਿੱਸਾ ਬਣਨਾ ਜੋਸ਼ ਲਈ ਬਹੁਤ ਵਧੀਆ ਹੋਵੇਗਾ ਪਰ ਅਸੀਂ ਇੰਗਲੈਂਡ ਦੇ ਮਹੱਤਵਪੂਰਨ ਦੌਰੇ ਤੋਂ ਪਹਿਲਾਂ ਜ਼ਰੂਰੀ ਕਦਮ ਚੁੱਕੇ ਹਨ ਜਿਸ ‘ਚ ਉਹ ਅਹਿਮ ਖਿਡਾਰੀ ਹੋਣਗੇ। ਆਸਟ੍ਰੇਲੀਆ ਅਤੇ ਭਾਰਤ ਵਿਚਾਲੇ ਪਹਿਲਾ ਵਨਡੇ 17 ਮਾਰਚ ਨੂੰ ਮੁੰਬਈ ‘ਚ, ਦੂਜਾ ਮੈਚ 19 ਮਾਰਚ ਨੂੰ ਵਿਜਾਗ ‘ਚ ਅਤੇ ਤੀਜਾ ਵਨਡੇ 22 ਮਾਰਚ ਨੂੰ ਚੇਨਈ ‘ਚ ਖੇਡਿਆ ਜਾਵੇਗਾ।