Laljit Singh Bhullar

ਲਾਲਜੀਤ ਸਿੰਘ ਭੁੱਲਰ ਵੱਲੋਂ ਵਿਦੇਸ਼ਾਂ ’ਚ ਟਰਾਂਸਪੋਰਟ ਦਾ ਕਾਰੋਬਾਰ ਕਰਦੇ ਪੰਜਾਬੀਆਂ ਨੂੰ ‘ਬੁਕਿੰਗ ਤੇ ਡਿਸਪੈਚ’ ਸੇਵਾਵਾਂ ਪੰਜਾਬ ’ਚ ਖੋਲ੍ਹਣ ਦੀ ਅਪੀਲ

ਚੰਡੀਗੜ੍ਹ, 22 ਫ਼ਰਵਰੀ 2023: ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ (Laljit Singh Bhullar) ਨੇ ਵਿਦੇਸ਼ਾਂ ’ਚ ਟਰਾਂਸਪੋਰਟ ਦਾ ਕਾਰੋਬਾਰ ਕਰਦੇ ਪ੍ਰਵਾਸੀ ਪੰਜਾਬੀਆਂ ਨੂੰ ‘ਬੁਕਿੰਗ ਤੇ ਡਿਸਪੈਚ’ ਸੇਵਾਵਾਂ ਪੰਜਾਬ ’ਚ ਖੋਲ੍ਹਣ ਦੀ ਅਪੀਲ ਕੀਤੀ ਹੈ।ਅੱਜ ਇੱਥੇ ਕੁਲਥਮ (ਬੰਗਾ) ਨੇੜੇ, ਕੈਨੇਡਾ ਆਧਾਰਿਤ ਹਰਮਨ ਟਰਾਂਸਪੋਰਟ ਦੀਆਂ ਇਨ੍ਹਾਂ ਸੇਵਾਵਾਂ ਨਾਲ ਸਬੰਧਤ ‘ਬੈਕ ਆਫ਼ਿਸ’ ਦੀ ਸ਼ੁਰੂਆਤ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਸੇਵਾਵਾਂ ਪੰਜਾਬ ਦੀ ਧਰਤੀ ਤੋਂ ਮੁਹੱਈਆ ਕਰਵਾਉਣ ਨਾਲ, ਨੌਜੁਆਨਾਂ ਨੂੰ ਵੱਡੀ ਗਿਣਤੀ ’ਚ ਰੋਜ਼ਗਾਰ ਮਿਲੇਗਾ।

ਉਨ੍ਹਾਂ ਹਰਮਨ ਟਰਾਂਸਪੋਰਟ ਵੱਲੋਂ ਆਪਣੇ ਇਸ ਦਫ਼ਤਰ ਰਾਹੀਂ 100 ਦੇ ਕਰੀਬ ਸਥਾਨਕ ਨੌਜੁਆਨਾਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਦੀ ਸ਼ਲਾਘਾ ਕਰਦਿਆਂ ਟਰਾਂਸਪੋਰਟ ਤੇ ਟਰੱਕਿੰਗ ਦੇ ਕਾਰੋਬਾਰ ਨਾਲ ਜੁੜੇ ਬਾਕੀ ਪ੍ਰਵਾਸੀ ਪੰਜਾਬੀਆਂ ਨੂੰ ਵੀ ਪੰਜਾਬ ਦੇ ਨੌਜੁਆਨਾਂ ਦੇ ਇਸ ਢੰਗ ਨਾਲ ਰੋਜ਼ਗਾਰ ਲਈ ਹੰਭਲਾ ਮਾਰਨ ਲਈ ਆਖਿਆ। ਉਨ੍ਹਾਂ ਦੱਸਿਆ ਕਿ ਹਰਮਨ ਟਰਾਂਸਪੋਰਟ ਦਾ ਕੈਨੇਡਾ ’ਚ ਬਹੁਤ ਵੱਡਾ ਫ਼ਲੀਟ ਹੈ, ਜਿਸ ਦਾ ਸਥਾਨਕ ਨੌਜੁਆਨਾਂ ਨੂੰ ਇਸ ਦਫ਼ਤਰ ’ਚ ਹੋਣ ਵਾਲੀ ‘ਬੁਕਿੰਗ ਤੇ ਡਿਸਪੈਚ’ ਕਾਰਜਾਂ ਨਾਲ ਲਾਭ ਮਿਲੇਗਾ।

ਲਾਲਜੀਤ ਸਿੰਘ ਭੁੱਲਰ (Laljit Singh Bhullar) ਨੇ ਕਿਹਾ ਕਿ ਹਰਮਨ ਟਰਾਂਸਪੋਰਟ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਆਪਣੀ ਧਰਤੀ ਤੋਂ ਪ੍ਰਵਾਸੀ ਪੰਜਾਬੀਆਂ ਨੂੰ ਰੋਜ਼ਗਾਰ ਦੇ ਵਸੀਲੇ ਮੁਹੱਈਆ ਕਰਵਾਉਣ ਦੀ ਕੀਤੀ ਅਪੀਲ ਤਹਿਤ ਇਲਾਕੇ ਦੇ ਨੌਜੁਆਨਾਂ ਲਈ ਰੋਜ਼ਗਾਰ ਦੇ ਨਵੇਂ ਵਸੀਲੇ ਪੈਦਾ ਕਰਨਾ ਸ਼ਲਾਘਾਯੋਗ ਉਪਰਾਲਾ ਹੈ।

ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਪੰਜਾਬ ਦੀ ਧਰਤੀ ਤੋਂ ਆਪਣੇ ਵਿਦੇਸ਼ੀ ਕਾਰੋਬਾਰ ਚਲਾਉਣ ਵਾਲੇ ਪ੍ਰਵਾਸੀ ਪੰਜਾਬੀਆਂ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਵੇਗੀ ਅਤੇ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਨਹੀਂ ਆਉਣ ਦੇਵੇਗੀ। ਉੁਨ੍ਹਾਂ ਇਸ ਸਮਾਗਮ ’ਚ ਮੌਜੂਦ ਯੂ.ਐਸ.ਏ. ਅਤੇ ਯੂ.ਕੇ. ਦੇ ਟਰਾਂਸਪੋਰਟਰਾਂ ਨੂੰ ਵੀ ਆਪਣੇ ਕਾਰੋਬਾਰ ਨਾਲ ਸਬੰਧਤ ‘ਬੁਕਿੰਗ ਤੇ ਡਿਸਪੈਚ’ ਸੇਵਾਵਾਂ ਪੰਜਾਬ ’ਚੋਂ ਹੀ ਸ਼ੁਰੂ ਕਰਨ ਲਈ ਪ੍ਰੇਰਿਆ।

ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਅੱਜ ਜਦੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੇ ਅਣਥੱਕ ਯਤਨ ਕਰ ਰਹੇ ਹਨ ਤਾਂ ਪ੍ਰਵਾਸੀ ਪੰਜਾਬੀ ਭਰਾਵਾਂ ਨੂੰ ਵੀ ਇਨ੍ਹਾਂ ਯਤਨਾਂ ’ਚ ਬਰਾਬਰ ਦਾ ਯੋਗਦਾਨ ਪਾਉਣਾ ਚਾਹੀਦਾ ਹੈ। ਇਸ ਮੌਕੇ ਵਿਧਾਇਕ ਸ਼ੀਤਲ ਅੰਗੂਰਾਲ, ਆਪ ਦੇ ਸੂਬਾਈ ਬੁਲਾਰੇ ਐਡਵੋਕੇਟ ਪਰਮਵੀਰ ਸਿੰਘ ਤੇ ਸਤਨਾਮ ਸਿੰਘ ਜਲਵਾਹਾ ਵੀ ਮੌਜੂਦ ਸਨ।

Scroll to Top