ਫਰੀਦਕੋਟ, 22 ਫਰਵਰੀ 2023 : ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ, ਪੰਜਾਬ ਦੇ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ (Brahm Shankar Jimpa) ਦੀ ਅਗਵਾਈ ਹੇਠ ਲੱਗਣ ਵਾਲਾ ਰਾਜ ਪੱਧਰੀ ਵਰਚੁਅਲ ਜਨਤਾ ਦਰਬਾਰ 28 ਫਰਵਰੀ 2023 ਦੀ ਬਜਾਏ ਹੁਣ ਮਿਤੀ 1 ਮਾਰਚ, 2023 ਨੂੰ ਸਵੇਰੇ 11.00 ਵਜੇ ਤੋਂ ਦੁਪਹਿਰ 2 ਵਜੇ ਤੱਕ ਲਗਾਇਆ ਜਾ ਰਿਹਾ ਹੈ। ਇਹ ਜਾਣਕਾਰੀ ਐਕਸੀਅਨ ਜਸਵਿੰਦਰ ਸਿੰਘ ਨੇ ਦਿੱਤੀ। ਇਸ ਸੰਬੰਧ ਹੋਰ ਜਾਣਕਾਰੀ ਦਿੰਦਿਆ ਉਨ੍ਹਾ ਦੱਸਿਆ ਕਿ ਇਸ ਜਨਤਾ ਦਰਬਾਰ ਵਿੱਚ ਵਰਚੁਅਲ ਤਰੀਕੇ ਨਾਲ ਪੰਜਾਬ ਦੇ ਪੇਂਡੂ ਖੇਤਰਾਂ ਦੇ ਨਾਗਰਿਕਾਂ ਦੀਆਂ ਜਲ ਸਪਲਾਈ ਅਤੇ ਸੈਨੀਟੇਸ਼ਨ ਨਾਲ ਸਬੰਧਤ ਸ਼ਿਕਾਇਤਾਂ ਦਾ ਮੌਕੇ ਉੱਤੇ ਨਿਪਟਾਰਾ ਕਰਨ ਦਾ ਯਤਨ ਕੀਤਾ ਜਾਵੇਗਾ।
ਕੈਬਨਿਟ ਬ੍ਰਹਮ ਸ਼ੰਕਰ ਜਿੰਪਾ (Brahm Shankar Jimpa) ਵੱਲੋਂ ਇਹ ਜਨਤਾ ਦਰਬਾਰ ਚੰਡੀਗੜ੍ਹ ਵਿਖੇ ਵਰਚੁਅਲ ਤਰੀਕੇ ਨਾਲ ਅਟੈਂਡ ਕੀਤਾ ਜਾਵੇਗਾ, ਜਿਸ ਵਿੱਚ ਜਲ ਸਪਲਾਈ ਵਿਭਾਗ ਦੇ ਪੂਰੇ ਪੰਜਾਬ ਦੇ ਮੁੱਖ ਇੰਜੀਨੀਅਰ ਸ਼ਾਮਲ ਹੋਣਗੇ ਜਦਕਿ ਵਿਭਾਗ ਦੇ ਸਮੂਹ ਨਿਗਰਾਨ ਇੰਜੀਨੀਅਰ ਅਤੇ ਕਾਰਜਕਾਰੀ ਇੰਜੀਨੀਅਰ ਆਪਣੇ ਆਪਣੇ ਦਫ਼ਤਰਾਂ ਰਾਹੀਂ ਹੀ ਆਨਲਾਈਨ ਇਸ ਦਰਬਾਰ ਨੂੰ ਅਟੈਂਡ ਕਰਨਗੇ। ਜਨਤਾ ਦਰਬਾਰ ਵਿਚ ਮੰਤਰੀ ਸਾਬ ਨਾਲ ਪ੍ਰਿਸੀਪਲ ਸੈਕਟਰੀ ਅਤੇ ਐਚ.ਓ.ਡੀ ਮੁਖੀ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੀ ਮੌਜੂਦ ਰਹਿਣਗੇ।
ਐਕਸੀਅਨ ਜਸਵਿੰਦਰ ਸਿੰਘ ਦੱਸਿਆ ਕਿ ਸ਼ਿਕਾਇਤਕਰਤਾ ਆਪਣੀ ਸ਼ਿਕਾਇਤ ਜਨਤਾ ਦਰਬਾਰ ਲੱਗਣ ਤੋਂ ਪਹਿਲਾਂ ਪਹਿਲਾਂ ਤਿੰਨ ਤਰੀਕਿਆਂ ਨਾਲ ਦਰਜ ਕਰਵਾ ਸਕਦੇ ਹਨ। ਪਹਿਲਾ ਟੋਲ ਫ੍ਰੀ ਨੰਬਰ 1800-180-2468, ਦੂਜਾ ਈ ਮੇਲ dwsssnkhelpdesk@gmail.com ਉੱਪਰ ਅਤੇ ਤੀਜਾ ਵੈਬਸਾਈਟ https://dwss.punjab.gov.in ਉੱਪਰ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹਨ। ਉਨ੍ਹਾਂ ਕਿਹਾ ਕਿ ਅਗੇਤੀਆਂ ਦਰਜ ਕਰਵਾਈਆਂ ਸ਼ਿਕਾਇਤਾਂ ਦਾ ਪਹਿਲ ਦੇ ਆਧਾਰ ਉਤੇ ਨਿਪਟਾਰਾ ਕੀਤਾ ਜਾਵੇਗਾ।
ਇਸ ਤੋਂ ਬਾਅਦ ਫਸਟ ਕਮ ਫਸਟ ਸਰਵ ਦੇ ਆਧਾਰ ਤੇ ਨਾਗਰਿਕਾਂ ਦੀਆਂ ਸ਼ਿਕਾਇਤਾਂ ਸੁਣੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਫਰੀਦਕੋਟ ਜਿਲੇ ਦੀ ਪੇਂਡੂ ਇਲਾਕੇ ਦੀ ਕਿਸੇ ਵੀ ਪ੍ਰਕਾਰ ਦੀ ਸਮੱਸਿਆ ਲਈ ਐਕਸੀਅਨ ਜਲ ਸਪਲਾਈ ਨਾਲ ਸੰਪਰਕ ਕੀਤਾ ਜਾ ਸਕਦਾ ਹੈ।ਜਸਵਿੰਦਰ ਸਿੰਘ ਨੇ ਦੱਸਿਆ ਕਿ ਨਾਗਰਿਕ ਆਪਣੇ ਵਰਚੂਅਲ ਰੂਮ ਵਿੱਚ ਇੰਤਜਾਰ ਕਰਨਗੇ। ਦਰਜ ਕੀਤੀਆਂ ਸ਼ਿਕਾਇਤਾਂ ਅਨੁਸਾਰ ਇੱਕ ਇੱਕ ਕਰਕੇ ਨਾਗਰਿਕ ਆਉਣਗੇ ਅਤੇ ਜਲ ਸਪਲਾਈ ਤੇ ਸੈਨੀਟੇਸ਼ਨ ਮੰਤਰੀ ਸ੍ਰੀ ਬ੍ਰਹਮਸ਼ੰਕਰ ਜਿੰਪਾ ਵੱਲੋਂ ਸ਼ਿਕਾਇਤ ਸੁਣ ਕੇ ਉਨ੍ਹਾਂ ਦਾ ਮੌਕੇ ਉੱਪਰ ਹੀ ਨਿਪਟਾਰਾ ਕਰਨ ਦਾ ਯਤਨ ਕੀਤਾ ਜਾਵੇਗਾ।