ਚੰਡੀਗੜ੍ਹ, 20 ਫਰਵਰੀ 2023: ਲੁਧਿਆਣਾ ਦੇ ਸਾਬਕਾ ਡੀਐਸਪੀ ਬਲਵਿੰਦਰ ਸੇਖੋਂ (DSP Balwinder Sekhon) ਖ਼ਿਲਾਫ਼ ਹਾਈਕੋਰਟ ਨੇ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਹਨ । ਪ੍ਰਾਪਤ ਜਾਣਕਾਰੀ ਅਨੁਸਾਰ ਲੁਧਿਆਣਾ ਸੀਆਈਏ ਨੇ ਡੀਐਸਪੀ ਬਲਵਿੰਦਰ ਸੇਖੋਂ ਨੂੰ ਗ੍ਰਿਫਤਾਰ ਕਰ ਲਿਆ ਹੈ | ਜਿਕਰਯੋਗ ਹੈ ਕਿ ਡੀਐਸਪੀ ਬਲਵਿੰਦਰ ਸੇਖੋਂ (DSP Balwinder Sekhon) ਨੇ ਹਾਈਕੋਰਟ ਦੇ ਜੱਜ ‘ਤੇ ਭ੍ਰਿਸ਼ਟਾਚਾਰ ਅਤੇ ਸਰਕਾਰਾਂ ਨਾਲ ਮਿਲੀਭੁਗਤ ਸਮੇਤ ਕਈ ਦੋਸ਼ ਲਾਏ ਸਨ। ਸੇਖੋਂ ਵੱਲੋਂ ਕਥਿਤ ਤੌਰ ‘ਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਰੁੱਧ ਗਲਤ ਟਿੱਪਣੀਆਂ ਅਤੇ ਸ਼ਬਦਾਵਲੀ ਦੀ ਵਰਤਣ ਦਾ ਦੋਸ਼ ਹੈ |
ਜਿਕਰਯੋਗ ਹੈ ਕਿ ਬਲਵਿੰਦਰ ਸੇਖੋਂ ਨੇ ਪੰਜਾਬ ‘ਚ ਵੱਧ ਰਹੇ ਨਸ਼ੇ ਨੂੰ ਲੈ ਕੇ ਹਾਈਕੋਰਟ ‘ਚ ਪਟੀਸ਼ਨ ਦਾਇਰ ਕੀਤੀ ਸੀ। ਜਿਸ ਵਿੱਚ ਉਨ੍ਹਾਂ ਨੇ ਪੰਜਾਬ ਦੇ ਦੋ ਸਾਬਕਾ ਡੀਜੀਪੀ ਸੁਰੇਸ਼ ਅਰੋੜਾ, ਦਿਨਕਰ ਗੁਪਤਾ ਅਤੇ ਅਕਾਲੀ ਦਲ ਸਮੇਤ ਕਈ ਪਾਰਟੀਆਂ ਦੇ ਆਗੂਆਂ ‘ਤੇ ਨਸ਼ਾ ਵੇਚਣ ਦੇ ਦੋਸ਼ ਲਾਏ ਹਨ। ਸੇਖੋਂ ਨੇ ਕਿਹਾ ਕਿ ਇਸ ਮਾਮਲੇ ਵਿੱਚ ਅਦਾਲਤ ਵੱਲੋਂ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ, ਜਦੋਂ ਕਿ ਇਸ ਮਾਮਲੇ ਦੀ ਸੁਣਵਾਈ ਦੋ ਦਿਨ ਪਹਿਲਾਂ ਚੱਲ ਰਹੀ ਸੀ। ਅਦਾਲਤ ਨੇ ਡੇਢ ਮਹੀਨੇ ਬਾਅਦ 28 ਮਾਰਚ ਦੀ ਤਾਰੀਖ਼ ਤੈਅ ਕੀਤੀ ਹੈ।
ਬਲਵਿੰਦਰ ਸੇਖੋਂ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨਾਲ ਝਗੜੇ ਤੋਂ ਬਾਅਦ ਸੁਰਖੀਆਂ ‘ਚ ਆ ਗਏ ਸਨ। ਜਿਸ ਤੋਂ ਬਾਅਦ ਹਾਈਕੋਰਟ ਨੇ ਉਸ ਨੂੰ ਨੌਕਰੀ ਤੋਂ ਬਰਖਾਸਤ ਕਰਨ ਦੇ ਹੁਕਮ ਦਿੱਤੇ ਸਨ। ਜਿਸ ਤੋਂ ਬਾਅਦ ਸੇਖੋਂ ਲਗਾਤਾਰ ਹਾਈਕੋਰਟ ਦੇ ਜੱਜਾਂ ਖਿਲਾਫ ਆਪਣਾ ਗੁੱਸਾ ਜ਼ਾਹਰ ਕਰਦੇ ਰਹੇ ਹਨ । ਬਲਵਿੰਦਰ ਸਿੰਘ ਸੇਖੋਂ ਪਿਛਲੇ ਦੋ ਸਾਲਾਂ ਤੋਂ ਬਰਖ਼ਾਸਤ ਹਨ |
2019 ਵਿੱਚ ਬਲਵਿੰਦਰ ਸਿੰਘ ਸੇਖੋਂ ਨਗਰ ਨਿਗਮ ਵਿੱਚ ਡੀਐਸਪੀ ਦੇ ਅਹੁਦੇ ’ਤੇ ਤਾਇਨਾਤ ਸਨ। ਉਸ ਸਮੇਂ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨਾਲ ਉਨ੍ਹਾਂ ਦੀ ਗੱਲਬਾਤ ਦਾ ਆਡੀਓ ਵਾਇਰਲ ਹੋਈ ਸੀ, ਜਿਸ ‘ਚ ਉਹ ਇਕ-ਦੂਜੇ ਨੂੰ ਬਹੁਤ ਬੁਰਾ-ਭਲਾ ਬੋਲ ਰਹੇ ਸਨ। ਇਸ ਆਡੀਓ ਕਲਿੱਪ ਤੋਂ ਬਾਅਦ ਦੋਵਾਂ ਵਿਚਾਲੇ ਦੂਰੀ ਕਾਫੀ ਵਧ ਗਈ ਸੀ।