Amit Shah

ਅਮਿਤ ਸ਼ਾਹ ਨੇ ਹਿੰਡਨਬਰਗ-ਅਡਾਨੀ ਵਿਵਾਦ ਅਤੇ ਖਾਲਿਸਤਾਨ ਮੁੱਦੇ ‘ਤੇ ਦਿੱਤਾ ਵੱਡਾ ਬਿਆਨ

ਚੰਡੀਗੜ੍ਹ, 14 ਫਰਵਰੀ 2023: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ (Amit Shah) ਨੇ ਹਿੰਡਨਬਰਗ-ਅਡਾਨੀ ਵਿਵਾਦ ‘ਤੇ ਪਹਿਲੀ ਵਾਰ ਬਿਆਨ ਦਿੱਤਾ ਹੈ। ਉਨ੍ਹਾਂ ਨੇ ਮੰਗਲਵਾਰ ਨੂੰ ਏਐਨਆਈ ਪੋਡਕਾਸਟ ‘ਤੇ ਇਕ ਇੰਟਰਵਿਊ ਵਿਚ ਕਿਹਾ ਕਿ ਇਸ ਮੁੱਦੇ ‘ਤੇ ਟਿੱਪਣੀ ਕਰਨਾ ਸਹੀ ਨਹੀਂ ਹੋਵੇਗਾ ਕਿਉਂਕਿ ਮਾਮਲਾ ਸੁਪਰੀਮ ਕੋਰਟ ਵਿਚ ਹੈ। ਪਰ ਇਹ ਜ਼ਰੂਰ ਕਿਹਾ ਕਿ ਭਾਜਪਾ ਲਈ ਇਸ ਵਿੱਚ ਲੁਕਾਉਣ ਵਾਲੀ ਕੋਈ ਗੱਲ ਨਹੀਂ ਹੈ ਅਤੇ ਭਾਜਪਾ ਨੂੰ ਡਰਨ ਦੀ ਕੋਈ ਲੋੜ ਨਹੀਂ ਹੈ।

ਹਿੰਡਨਬਰਗ ਦੀ ਰਿਪੋਰਟ ਸਾਹਮਣੇ ਆਉਣ ਤੋਂ ਬਾਅਦ ਰਾਹੁਲ ਗਾਂਧੀ ਸਮੇਤ ਵਿਰੋਧੀ ਧਿਰਾਂ ਨੇ ਭਾਜਪਾ ‘ਤੇ ਅਡਾਨੀ ਨੂੰ ਬਚਾਉਣ ਦਾ ਦੋਸ਼ ਲਾਇਆ ਹੈ। ਇਸ ਸਬੰਧੀ ਸੰਸਦ ਤੋਂ ਸੜਕ ਤੱਕ ਪ੍ਰਦਰਸ਼ਨ ਵੀ ਕਰ ਚੁੱਕੇ ਹਨ। ਇੰਟਰਵਿਊ ਦੌਰਾਨ ਅਮਿਤ ਸ਼ਾਹ (Amit Shah) ਨੇ ਲੋਕ ਸਭਾ ਚੋਣਾਂ, PFI ‘ਤੇ ਪਾਬੰਦੀ, ਉੱਤਰ-ਪੂਰਬ ‘ਚ ਚੋਣਾਂ, ਦੇਸ਼ ਦੀ ਅੰਦਰੂਨੀ ਸੁਰੱਖਿਆ, ਸ਼ਹਿਰਾਂ ਦੇ ਨਾਂ ਬਦਲਣ ਅਤੇ G-20 ਵਰਗੇ ਕਈ ਮੁੱਦਿਆਂ ‘ਤੇ ਵੀ ਗੱਲ ਕੀਤੀ।

ਖਾਲਿਸਤਾਨ ਅਤੇ ਅੰਦਰੂਨੀ ਸੁਰੱਖਿਆ ਦੇ ਮੁੱਦੇ ‘ਤੇ ਅਮਿਤ ਸ਼ਾਹ ਨੇ ਕਿਹਾ ਕਿ ਅਸੀਂ ਇਸ ‘ਤੇ ਤਿੱਖੀ ਨਜ਼ਰ ਰੱਖੀ ਹੋਈ ਹੈ, ਇਸ ਮੁੱਦੇ ‘ਤੇ ਪੰਜਾਬ ਸਰਕਾਰ ਨਾਲ ਵੀ ਗੱਲਬਾਤ ਕੀਤੀ ਹੈ। ਵੱਖ-ਵੱਖ ਏਜੰਸੀਆਂ ਵਿਚਕਾਰ ਚੰਗਾ ਤਾਲਮੇਲ ਹੈ। ਮੈਨੂੰ ਯਕੀਨ ਹੈ ਕਿ ਅਸੀਂ ਇਸ ਨੂੰ ਵਧਣ-ਫੁੱਲਣ ਨਹੀਂ ਦੇਵਾਂਗੇ।

ਕੇਂਦਰ ਸਰਕਾਰ ਵਿਰੋਧੀ ਧਿਰ ਵਿਰੁੱਧ ਜਾਂਚ ਏਜੰਸੀਆਂ ਦੀ ਵਰਤੋਂ ਕਰ ਰਹੀ ਹੈ, ਇਨ੍ਹਾਂ ਦੋਸ਼ਾਂ ‘ਤੇ ਅਮਿਤ ਸ਼ਾਹ ਨੇ ਕਿਹਾ ਕਿ ਉਹ (ਕਾਂਗਰਸ) ਅਦਾਲਤ ਕਿਉਂ ਨਹੀਂ ਜਾਂਦੇ? ਜਦੋਂ ਪੈਗਾਸਸ ਦਾ ਮੁੱਦਾ ਚੁੱਕਿਆ ਗਿਆ, ਮੈਂ ਉਨ੍ਹਾਂ ਨੂੰ ਸਬੂਤ ਦੇ ਨਾਲ ਅਦਾਲਤ ਵਿੱਚ ਜਾਣ ਲਈ ਕਿਹਾ, ਪਰ ਉਨ੍ਹਾਂ ਨੇ ਅਜਿਹਾ ਨਹੀਂ ਕੀਤਾ। ਉਹ 2002 ਤੋਂ ਮੋਦੀ ਦੇ ਪਿੱਛੇ ਹਨ। ਹਜ਼ਾਰਾਂ ਸਾਜ਼ਿਸ਼ਾਂ ਦੇ ਬਾਵਜੂਦ ਸੱਚ ਸਾਹਮਣੇ ਆਉਂਦਾ ਹੈ। ਹਰ ਵਾਰ ਮੋਦੀ ਮਜ਼ਬੂਤ ​​ਅਤੇ ਵਧੇਰੇ ਪ੍ਰਸਿੱਧ ਹੋ ਕੇ ਉੱਭਰਦੇ ਹਨ।

ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ 8 ਸਾਲਾਂ ਵਿੱਚ 51 ਵਾਰ ਉੱਤਰ-ਪੂਰਬ ਦਾ ਦੌਰਾ ਕਰਕੇ ਮਨ ਦੀ ਦੂਰੀ ਦੂਰ ਕੀਤੀ ਹੈ। ਅਸੀਂ ਤ੍ਰਿਪੁਰਾ ਦੇ ਹਾਲਾਤ ਨੂੰ ਬਦਲਣ ਲਈ ‘ਚਲੋ ਪਲਟਾਈ’ ਦਾ ਨਾਅਰਾ ਦਿੱਤਾ ਸੀ ਅਤੇ ਅੱਜ ਸਥਿਤੀ ਬਦਲ ਗਈ ਹੈ। ਕਾਂਗਰਸ ਅਤੇ ਕਮਿਊਨਿਸਟ ਪਾਰਟੀ ਇਕੱਠੇ ਹੋ ਗਏ ਹਨ, ਉਨ੍ਹਾਂ ਨੇ ਸਹਿਮਤੀ ਜਤਾਈ ਹੈ ਕਿ ਉਹ ਇਕੱਲੇ ਭਾਜਪਾ ਨੂੰ ਨਹੀਂ ਹਰਾ ਸਕਦੇ। ਗਿਣਤੀ ਵਾਲੇ ਦਿਨ ਦੁਪਹਿਰ 12 ਵਜੇ ਤੋਂ ਪਹਿਲਾਂ ਭਾਜਪਾ ਤ੍ਰਿਪੁਰਾ ਵਿੱਚ ਪੂਰਨ ਬਹੁਮਤ ਹਾਸਲ ਕਰ ਕੇ ਸਰਕਾਰ ਬਣਾ ਲਵੇਗੀ।

ਇਸਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਕਾਂਗਰਸ ਨੇ ਪੀਐਫਆਈ ‘ਤੇ ਕਈ ਕੇਸਾਂ ਨੂੰ ਖਤਮ ਕਰਨ ਦਾ ਕੰਮ ਕੀਤਾ। ਜਿਸ ‘ਤੇ ਅਦਾਲਤ ਨੇ ਰੋਕ ਲਗਾ ਦਿੱਤੀ ਸੀ। ਅਸੀਂ PFI ‘ਤੇ ਪਾਬੰਦੀ ਲਗਾ ਦਿੱਤੀ ਹੈ। ਉਹ ਦੇਸ਼ ਵਿੱਚ ਕੱਟੜਤਾ ਨੂੰ ਵਧਾ ਰਿਹਾ ਸੀ। ਇਕ ਤਰ੍ਹਾਂ ਨਾਲ ਅੱਤਵਾਦੀ ਤਿਆਰ ਕੀਤੇ ਜਾ ਰਹੇ ਸਨ। ਧਾਰਾ 370 ਨੂੰ ਹਟਾਉਣਾ 1950 ਤੋਂ ਸਾਡੇ ਏਜੰਡੇ ‘ਤੇ ਸੀ। ਹੁਣ ਉਥੇ ਜੋ ਵਿਕਾਸ ਹੋ ਰਿਹਾ ਹੈ, ਅੱਤਵਾਦੀਆਂ ਅਤੇ ਅੱਤਵਾਦੀ ਹਮਲਿਆਂ ਦੀ ਗਿਣਤੀ ਘਟ ਰਹੀ ਹੈ, ਉਸ ਤੋਂ ਇਹ ਸਾਬਤ ਹੋ ਰਿਹਾ ਹੈ ਕਿ ਜੰਮੂ-ਕਸ਼ਮੀਰ ਦੇ ਹਾਲਾਤ ਵੀ ਠੀਕ ਹਨ।

 

Scroll to Top