Athlete Akashdeep Singh

ਬਰਨਾਲਾ ਦੇ ਅਥਲੀਟ ਅਕਾਸ਼ਦੀਪ ਸਿੰਘ ਨੇ ਪੈਰਿਸ ਓਲੰਪਿਕ ਖੇਡਾਂ 2024 ਲਈ ਕੀਤਾ ਕੁਆਲੀਫਾਈ, ਮੀਤ ਹੇਅਰ ਨੇ ਦਿੱਤੀ ਮੁਬਾਰਕਬਾਦ

ਚੰਡੀਗੜ੍ਹ, 14 ਫਰਵਰੀ 2023: ਬਰਨਾਲਾ ਜ਼ਿਲੇ ਦੇ ਪਿੰਡ ਕਾਹਨੇਕੇ ਦੇ ਅਥਲੀਟ ਅਕਾਸ਼ਦੀਪ ਸਿੰਘ (Athlete Akashdeep Singh) ਨੇ 20 ਕਿਲੋਮੀਟਰ ਪੈਦਲ ਤੋਰ ਵਿੱਚ 1.19.55 ਦੇ ਸਮੇਂ ਨਾਲ ਨਵਾਂ ਨੈਸ਼ਨਲ ਰਿਕਾਰਡ ਬਣਾਉਂਦਿਆਂ ਓਲੰਪਿਕ ਖੇਡਾਂ, ਵਿਸ਼ਵ ਚੈਂਪੀਅਨਸ਼ਿਪ ਤੇ ਏਸ਼ਿਆਈ ਖੇਡਾਂ ਲਈ ਕੁਆਲੀਫਾਈ ਕੀਤਾ। ਪੈਰਿਸ ਓਲੰਪਿਕ ਖੇਡਾਂ-2024 ਲਈ ਅਥਲੈਟਿਕਸ ਵਿੱਚ ਇਹ ਭਾਰਤ ਦਾ ਪਹਿਲਾ ਕੋਟਾ ਅਤੇ ਓਵਰ ਆਲ ਓਲੰਪਿਕਸ ਕੁਆਲੀਫਾਈ ਹੋਣ ਵਾਲਾ ਚੌਥਾ ਭਾਰਤੀ ਖਿਡਾਰੀ ਹੈ।

ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਅਕਾਸ਼ਦੀਪ ਸਿੰਘ ਦੀ ਇਸ ਮਾਣਮੱਤੀ ਪ੍ਰਾਪਤੀ ਉਤੇ ਅਥਲੀਟ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਇਹ ਉਸ ਦੀ ਸਖ਼ਤ ਮਿਹਨਤ ਦਾ ਸਿੱਟਾ ਹੈ।ਉਨ੍ਹਾਂ ਕਿਹਾ ਕਿ ਅਕਾਸ਼ਦੀਪ ਸਿੰਘ ਅਥਲੈਟਿਕਸ ਵਿੱਚ ਓਲੰਪਿੱਕ ਖੇਡਾਂ ਲਈ ਕੁਆਲੀਫਾਈ ਹੋਣ ਵਾਲਾ ਪਹਿਲਾ ਭਾਰਤੀ ਅਥਲੀਟ ਹੈ ਜਿਸ ਉੱਤੇ ਪੂਰੇ ਸੂਬੇ ਨੂੰ ਮਾਣ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੂਬੇ ਨੂੰ ਖੇਡਾਂ ਵਿੱਚ ਮੋਹਰੀ ਬਣਾਉਣ ਲਈ ਕੀਤੇ ਤਹੱਈਏ ਤਹਿਤ ਖੇਡ ਵਿਭਾਗ ਨਿਰੰਤਰ ਯਤਨ ਕਰ ਰਿਹਾ ਹੈ। ਉਨ੍ਹਾਂ ਇਸ ਪ੍ਰਾਪਤੀ ਦਾ ਸਿਹਰਾ ਅਕਾਸ਼ਦੀਪ ਸਿੰਘ, ਉਨ੍ਹਾਂ ਦੇ ਮਾਪਿਆਂ ਅਤੇ ਕੋਚਾਂ ਸਿਰ ਬੰਨ੍ਹਿਆ।

ਬਾਬਾ ਕਾਲਾ ਮਹਿਰ ਸਟੇਡੀਅਮ ਬਰਨਾਲਾ ਵਿਖੇ ਖੇਡ ਵਿਭਾਗ ਦੇ ਕੋਚਾਂ ਦੀ ਦੇਖ-ਰੇਖ ਵਿੱਚ ਤਿਆਰੀ ਕਰਦੇ ਅਕਾਸ਼ਦੀਪ ਸਿੰਘ (Athlete Akashdeep Singh) ਨੇ ਰਾਂਚੀ (ਝਾਰਖੰਡ) ਵਿਖੇ ਚੱਲ ਰਹੀ 10ਵੀ ਇੰਡੀਅਨ ਓਪਨ ਰੇਸ ਵਾਕਿੰਗ ਮੁਕਾਬਲੇ ਦੀ 20 ਕਿਲੋਮੀਟਰ ਪੈਦਲ ਤੋਰ ਵਿੱਚ 1.19.55 ਦੇ ਸਮੇਂ ਨਾਲ ਨਵਾਂ ਨੈਸ਼ਨਲ ਰਿਕਾਰਡ ਬਣਾਉਂਦਿਆਂ ਸੋਨੇ ਦਾ ਤਮਗ਼ਾ ਜਿੱਤਿਆ। ਪੈਰਿਸ ਓਲੰਪਿਕ ਖੇਡਾਂ ਲਈ 20 ਕਿਲੋਮੀਟਰ ਪੈਦਲ ਤੋਰ ਵਿੱਚ ਕੁਆਲੀਫਾਈ ਵਾਸਤੇ 1.20.10 ਦਾ ਸਮਾਂ ਮਿੱਥਿਆ ਹੋਇਆ ਹੈ।ਅਕਾਸ਼ਦੀਪ ਸਿੰਘ ਨੇ ਓਲੰਪਿਕਸ ਦੇ ਨਾਲ ਵਿਸ਼ਵ ਚੈਂਪੀਅਨਸ਼ਿਪ ਤੇ ਏਸ਼ਿਆਈ ਖੇਡਾਂ ਲਈ ਵੀ ਕੁਆਲੀਫਾਈ ਕੀਤਾ ਹੈ।

Scroll to Top