ਚੰਡੀਗੜ੍ਹ, 31 ਜਨਵਰੀ 2023: ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਲਖਨਊ ਦੇ ਏਕਾਨਾ ਸਟੇਡੀਅਮ (Ekana Stadium) ‘ਚ ਦੂਜਾ ਟੀ-20 ਖੇਡਿਆ ਗਿਆ। ਹਾਲਾਂਕਿ ਇਹ ਮੈਚ ਦਰਸ਼ਕਾਂ ਲਈ ਜ਼ਿਆਦਾ ਰੋਮਾਂਚਕ ਨਹੀਂ ਸੀ ਕਿਉਂਕਿ ਦੋਵੇਂ ਟੀਮਾਂ 100 ਦੌੜਾਂ ਬਣਾਉਣ ਲਈ ਵੀ ਸੰਘਰਸ਼ ਕਰਦੀਆਂ ਨਜ਼ਰ ਆ ਰਹੀਆਂ ਸਨ। ਨਿਊਜ਼ੀਲੈਂਡ ਦੀ ਟੀਮ 20 ਓਵਰਾਂ ਵਿੱਚ 99 ਦੌੜਾਂ ਹੀ ਬਣਾ ਸਕੀ।
ਜਵਾਬ ਵਿੱਚ ਭਾਰਤ ਨੇ ਵੀ ਸਿਰਫ਼ ਇੱਕ ਗੇਂਦ ਬਾਕੀ ਰਹਿੰਦਿਆਂ ਮੈਚ ਜਿੱਤ ਲਿਆ। ਇਸ ਮੈਚ ਤੋਂ ਬਾਅਦ ਭਾਰਤੀ ਕਪਤਾਨ ਹਾਰਦਿਕ ਪੰਡਯਾ ਨੇ ਪਿੱਚ ਨੂੰ ਲੈ ਕੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ। ਹੁਣ ਏਕਾਨਾ ਸਟੇਡੀਅਮ ਦੀ ਪਿੱਚ ਕਿਊਰੇਟਰ ਨੂੰ ਝਟਕਾ ਲੱਗਾ ਹੈ। ਸਮਾਚਾਰ ਏਜੰਸੀ ਪੀਟੀਆਈ ਮੁਤਾਬਕ ਉਨ੍ਹਾਂ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ।
ਰਿਪੋਰਟਾਂ ਮੁਤਾਬਕ ਸੰਜੀਵ ਕੁਮਾਰ ਅਗਰਵਾਲ ਨੂੰ ਮੌਜੂਦਾ ਪਿਚ ਕਿਊਰੇਟਰ ਦੀ ਥਾਂ ਏਕਾਨਾ ਸਟੇਡੀਅਮ ਦਾ ਨਵਾਂ ਪਿੱਚ ਕਿਊਰੇਟਰ ਬਣਾਇਆ ਗਿਆ ਹੈ। ਉੱਤਰ ਪ੍ਰਦੇਸ਼ ਕ੍ਰਿਕਟ ਸੰਘ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਸੰਜੀਵ ਬਹੁਤ ਤਜਰਬੇਕਾਰ ਪਿੱਚ ਕਿਊਰੇਟਰ ਹਨ ਅਤੇ ਅਸੀਂ ਇੱਕ ਮਹੀਨੇ ਦੇ ਅੰਦਰ ਸਥਿਤੀ ਨੂੰ ਬਦਲਣ ਦੀ ਕੋਸ਼ਿਸ਼ ਕਰਾਂਗੇ। ਟੀ-20 ਤੋਂ ਪਹਿਲਾਂ ਸਾਰੇ ਸੈਂਟਰ ਵਿਕਟਾਂ ‘ਤੇ ਘਰੇਲੂ ਕ੍ਰਿਕਟ ਖੇਡਿਆ ਜਾਂਦਾ ਸੀ। ਕਿਊਰੇਟਰ ਨੂੰ ਅੰਤਰਰਾਸ਼ਟਰੀ ਮੈਚ ਲਈ ਇੱਕ ਜਾਂ ਦੋ ਸਟ੍ਰਿਪਾਂ ਨੂੰ ਛੱਡ ਦੇਣਾ ਚਾਹੀਦਾ ਸੀ। ਪਿਚ ਦੀ ਬਹੁਤ ਜ਼ਿਆਦਾ ਵਰਤੋਂ ਕੀਤੀ ਗਈ ਸੀ ਅਤੇ ਖ਼ਰਾਬ ਮੌਸਮ ਕਾਰਨ ਤਾਜ਼ਾ ਵਿਕਟਾਂ ਤਿਆਰ ਕਰਨ ਲਈ ਕਾਫ਼ੀ ਸਮਾਂ ਨਹੀਂ ਸੀ।